View Details << Back

Donald Trump ਨੂੰ ਝਟਕਾ, ‘ਵਾਲ ਸਟਰੀਟ ਜਰਨਲ’ ਖ਼ਿਲਾਫ਼ ਮੁਕੱਦਮਾ ਖਾਰਜ

  ਇੱਕ ਫੈਡਰਲ ਜੱਜ ਨੇ ਇਹ ਕਹਿੰਦਿਆਂ ਕਿ ਰਾਸ਼ਟਰਪਤੀ ‘ਤਿਣਕੇ ਦਾ ਸਹਾਰਾ ਲੈ ਰਹੇ ਹਨ’, ਸ਼ਨਿਚਰਵਾਰ ਨੂੰ ਜੈਫਰੀ ਐਪਸਟੀਨ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਛਪੀ ਇੱਕ ਖ਼ਬਰ ਸਬੰਧੀ ‘ਦਿ ਵਾਲ ਸਟਰੀਟ ਜਰਨਲ’ ਅਤੇ ਮੀਡੀਆ ਦਿੱਗਜ ਰੂਪਰਟ ਮੁਰਡੋਕ ਖ਼ਿਲਾਫ਼ ਡੋਨਲਡ ਟਰੰਪ ਦਾ 10 ਅਰਬ ਡਾਲਰ ਦੀ ਮਾਣਹਾਨੀ ਦਾ ਮੁਕੱਦਮਾ ਰੱਦ ਕਰ ਦਿੱਤਾ।


ਮਿਆਮੀ ਵਿੱਚ ਯੂ ਐੱਸ ਡਿਸਟ੍ਰਿਕਟ ਜੱਜ ਡੈਰਿਨ ਗੇਲਜ਼ ਨੇ ਮੁਕੱਦਮੇ ਨੂੰ ਪੱਕੇ ਤੌਰ ’ਤੇ ਖਾਰਜ ਕਰਦਿਆਂ ਫ਼ੈਸਲਾ ਸੁਣਾਇਆ ਕਿ ਰਾਸ਼ਟਰਪਤੀ ਇਹ ਸਾਬਤ ਕਰਨ ਵਿੱਚ ਅਸਫਲ ਰਹੇ ਕਿ ਬਚਾਅ ਪੱਖ ਨੇ ਕਾਨੂੰਨ ਅਨੁਸਾਰ ਅਸਲ ਦੁਸ਼ਭਾਵਨਾ ਨਾਲ ਮਾਣਹਾਨੀ ਵਾਲੇ ਬਿਆਨ ਦਿੱਤੇ ਸਨ। ਫ਼ੈਸਲੇ ਵਿੱਚ ਕਿਹਾ ਗਿਆ ਕਿ ਮੁਕੱਦਮੇ ਵਿੱਚ ਅਖ਼ਬਾਰ ਦੀ ਖੋਜੀ ਪੱਤਰਕਾਰੀ ਵਿੱਚ ਕਮੀਆਂ ਨੂੰ ‘ਘੜਨ’ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਕਿਸੇ ਕੇਸ ਨੂੰ ਪੱਕੇ ਤੌਰ ’ਤੇ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਦੁਬਾਰਾ ਦਾਇਰ ਨਹੀਂ ਕੀਤਾ ਜਾ ਸਕਦਾ। ਇਹ ਫ਼ੈਸਲਾ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਲਈ ਵੱਡਾ ਝਟਕਾ ਹੈ, ਜਿਨ੍ਹਾਂ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਮੀਡੀਆ ਅਦਾਰਿਆਂ ਨਾਲ ਟਕਰਾਅ ਵਾਲੇ ਸਬੰਧ ਰੱਖੇ ਹਨ। ਇਸ ਜਰਨਲ ਤੋਂ ਇਲਾਵਾ, ਉਹ ਬੀ ਬੀ ਸੀ, ਐਸੋਸੀਏਟਿਡ ਪ੍ਰੈੱਸ ਅਤੇ ਸਭ ਤੋਂ ਤਾਜ਼ਾ ਸੀ ਐੱਨ ਐੱਨ, ਐੱਮ ਐੱਸ ਨਾਓ ਅਤੇ ਪੋਲੀਟਿਕੋ ਨਾਲ ਜੁੜੇ ਮੁਕੱਦਮਿਆਂ ਵਿੱਚ ਘਿਰੇ ਹੋਏ ਹਨ ਜਿਨ੍ਹਾਂ ਨੇ ਮੱਧ ਸਤੰਬਰ ਵਿੱਚ ਉਨ੍ਹਾਂ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਕੱਢਣ ਤੋਂ ਬਾਅਦ ਐਂਟਰੀ ਬਹਾਲ ਕਰਨ ਲਈ ਉਨ੍ਹਾਂ ’ਤੇ ਮੁਕੱਦਮਾ ਕੀਤਾ ਹੈ।

  ਖਾਸ ਖਬਰਾਂ