View Details << Back

India Malaysia Hockey: ਹਰਮਨਪ੍ਰੀਤ ਦੀ ਹੈਟ੍ਰਿਕ ਸਦਕਾ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ

  India Malaysia Hockey: ਕਪਤਾਨ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਹੈਟ੍ਰਿਕ ਸਦਕਾ ਪੰਜ ਵਾਰ ਦੇ ਚੈਂਪੀਅਨ ਭਾਰਤ ਨੇ ਐਤਵਾਰ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫੀ (ਏ ਸੀ ਟੀ) ਹਾਕੀ ਟੂਰਨਾਮੈਂਟ ਵਿੱਚ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਭਾਰਤ ਨੇ ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ ਦੇ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਵੀ ਮਲੇਸ਼ੀਆ ਨੂੰ 5-1 ਨਾਲ ਹਰਾਇਆ ਸੀ।


ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਮਲੇਸ਼ੀਆ ਤੋਂ ਇਲਾਵਾ ਦੱਖਣੀ ਕੋਰੀਆ ਅਤੇ ਜਾਪਾਨ ਨੇ ਵੀ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਸੋਮਵਾਰ ਨੂੰ ਆਪਣੇ ਆਖ਼ਰੀ ਲੀਗ ਮੁਕਾਬਲੇ ਵਿੱਚ ਦੱਖਣੀ ਕੋਰੀਆ ਨਾਲ ਖੇਡੇਗਾ ਜਦਕਿ ਮਲੇਸ਼ੀਆ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ।

ਹਰਮਨਪ੍ਰੀਤ ਨੇ ਤੀਜੇ, 33ਵੇਂ ਅਤੇ 58ਵੇਂ ਮਿੰਟ ਵਿੱਚ ਗੋਲ ਕਰਕੇ ਹੈਟ੍ਰਿਕ ਪੂਰੀ ਕੀਤੀ। ਉਸ ਨੇ ਦੋ ਗੋਲ ਪੈਨਲਟੀ ਕਾਰਨਰ ਅਤੇ ਇੱਕ ਪੈਨਲਟੀ ਸਟ੍ਰੋਕ ਰਾਹੀਂ ਕੀਤਾ। ਸਟਰਾਈਕਰ ਸੁਖਜੀਤ ਸਿੰਘ ਨੇ 43ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਦੀ ਲੀਡਮਜ਼ਬੂਤ ਕੀਤੀ। ਮਲੇਸ਼ੀਆ ਵੱਲੋਂ ਅਖਿਮੁੱਲ੍ਹਾ ਅਨੁਆਰ ਨੇ 25ਵੇਂ ਅਤੇ ਸ਼ੈਲੋ ਸਿਲਵੇਰੀਅਸ ਨੇ 60ਵੇਂ ਮਿੰਟ ਵਿੱਚ ਗੋਲ ਕੀਤੇ।

ਭਾਰਤ ਨੇ ਮੈਚ ਦੀ ਸ਼ੁਰੂਆਤ ਹਮਲਾਵਰ ਅੰਦਾਜ਼ ਵਿੱਚ ਕੀਤੀ। ਤੀਜੇ ਮਿੰਟ ਵਿੱਚ ਮਿਲੇ ਪਹਿਲੇ ਪੈਨਲਟੀ ਕਾਰਨਰ ’ਤੇ ਕਪਤਾਨ ਹਰਮਨਪ੍ਰੀਤ ਨੇ ਸ਼ਾਨਦਾਰ ਡਰੈਗ ਫਲਿੱਕ ਰਾਹੀਂ ਗੋਲ ਕਰਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਮਲੇਸ਼ੀਆ ਦੀ ਰੱਖਿਆ ਪੰਕਤੀ ’ਤੇ ਲਗਾਤਾਰ ਦਬਾਅ ਬਣਾਇਆ ਪਰ ਗੋਲ ਕਰਨ ਵਿੱਚ ਸਫਲਤਾ ਨਹੀਂ ਮਿਲੀ।

ਦੂਜੇ ਕੁਆਰਟਰ ਵਿੱਚ ਮਲੇਸ਼ੀਆ ਨੇ ਜਵਾਬੀ ਹਮਲੇ ਤੇਜ਼ ਕੀਤੇ। ਉਸ ਨੂੰ 18ਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਰੱਖਿਆ ਪੰਕਤੀ ਨੇ ਦੋਵੇਂ ਹਮਲੇ ਨਾਕਾਮ ਕਰ ਦਿੱਤੇ। ਇਸ ਤੋਂ ਬਾਅਦ ਭਾਰਤ ਨੂੰ ਵੀ ਦੋ ਪੈਨਲਟੀ ਕਾਰਨਰ ਮਿਲੇ ਪਰ ਮਲੇਸ਼ੀਆ ਦੇ ਗੋਲਕੀਪਰ ਨੇ ਹਰਮਨਪ੍ਰੀਤ ਦੇ ਦੋਵੇਂ ਯਤਨ ਰੋਕ ਦਿੱਤੇ।

  ਖਾਸ ਖਬਰਾਂ