View Details << Back

Punjab News: ਮੁੱਖ ਮੰਤਰੀ ਤੇ ਡੀ ਜੀ ਪੀ ਦੇ ਅਸਤੀਫਿਆਂ ’ਤੇ ਪੇਚ ਫਸਿਆ; ਪਰਵਿੰਦਰ ਝੋਟੇ ਦਾ ਵੀਹਵੇਂ ਦਿਨ ਵੀ ਨਾ ਹੋਇਆ ਸਸਕਾਰ

  ਐਂਟੀ ਡਰੱਗ ਟਾਸਕ ਫੋਰਸ ਦੇ ਪ੍ਰਮੁੱਖ ਆਗੂ ਪਰਵਿੰਦਰ ਸਿੰਘ ਝੋਟਾ ਦਾ 20ਵੇਂ ਦਿਨ ਵੀ ਅੰਤਿਮ ਸਸਕਾਰ ਨਹੀਂ ਹੋ ਸਕਿਆ ਹੈ। ਇਸ ਤੋਂ ਇਲਾਵਾ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੇ ਸਸਕਾਰ ਦਾ ਮਾਮਲਾ ਵੀ ਉਲਝ ਗਿਆ ਹੈ। 6ਵੇਂ ਦਿਨ ਦਲਜੀਤ ਸਿੰਘ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ, ਜਦੋਂ ਕਿ ਪਰਵਿੰਦਰ ਝੋਟਾ ਦੇ ਸਸਕਾਰ ਸਬੰਧੀ ਪਰਿਵਾਰ ਅਤੇ ਐਕਸ਼ਨ ਕਮੇਟੀ ਮੁੱਖ ਮੰਤਰੀ ਅਤੇ ਡੀ ਜੀ ਪੀ ਦੇ ਅਸਤੀਫ਼ੇ ਦੀ ਮੰਗ 'ਤੇ ਅੜੀ ਹੋਈ ਹੈ।


20ਵੇਂ ਦਿਨ ਵੀ ਮਾਨਸਾ ਦੇ ਤਿੰਨਕੋਨੀ ਚੌਂਕ ਵਿੱਚ ਧਰਨਾ ਚੱਲਦਾ ਰਿਹਾ ਅਤੇ 5 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਧਰਨੇ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਬੇਸ਼ੱਕ ਇਸ ਸੰਘਰਸ਼ ਅਤੇ ਅੰਦੋਲਨ ਵਿੱਚ ਮਹੀਨੇਬੱਧੀ ਸਮਾਂ ਲੱਗ ਜਾਵੇ, ਪਰ ਮੰਗਾਂ ਦੀ ਪੂਰਤੀ ਤੋਂ ਬਿਨਾਂ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਭੰਮੇ ਕਲਾਂ ਅਤੇ ਸੂਬੇ ਭਰ ਵਿੱਚ ਪੋਸਟਰ ਪਾੜਨ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਮਾਮਲੇ ਦਰਜ ਕਰਨ ਵਾਲੇ ਨੌਜਵਾਨਾਂ ਨੂੰ ਪੁਲੀਸ ਰਿਹਾਅ ਕਰਕੇ ਸਾਰੇ ਮਾਮਲੇ ਰੱਦ ਕਰੇ। ਇਸ ਤੋਂ ਬਾਅਦ ਹੀ ਉਹ ਸਰਕਾਰ ਨਾਲ ਕੋਈ ਗੱਲਬਾਤ ਕਰਨਗੇ, ਨਹੀਂ ਤਾਂ ਸਰਕਾਰ ਨਾਲ ਉਨ੍ਹਾਂ ਦਾ ਕੋਈ ਰਾਬਤਾ ਨਹੀਂ ਹੋਵੇਗਾ।

ਉਧਰ ਦਲਜੀਤ ਦੇ ਪਰਿਵਾਰ ਨੇ ਹਾਈ ਕੋਰਟ ਵਿੱਚ ਵੀ ਗੁਹਾਰ ਲਗਾਈ ਹੈ। ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਦੀ ਸੀ ਬੀ ਆਈ ਜਾਂਚ, ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ, ਜਿਸ ਦੀ ਸੁਣਵਾਈ ਭਲਕੇ 2 ਨਵੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਦਲਜੀਤ ਦੀ ਲਾਸ਼ ਖੋਹ ਕੇ ਉਨ੍ਹਾਂ ਨੂੰ ਅੰਤਿਮ ਸਸਕਾਰ ਤੋਂ ਰੋਕਿਆ ਹੈ।

  ਖਾਸ ਖਬਰਾਂ