View Details << Back

Pakistan: ਬਲੋਚਿਸਤਾਨ 'ਚ ਅਗਵਾ ਹੋਈ ਨਾਬਾਲਗ ਹਿੰਦੂ ਲੜਕੀ ਛੁਡਵਾਈ; ਜਬਰੀ ਕਰਵਾਇਆ ਗਿਆ ਸੀ ਵਿਆਹ

  ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਕਥਿਤ ਤੌਰ 'ਤੇ ਅਗਵਾ ਕੀਤੀ ਗਈ ਇੱਕ ਨਾਬਾਲਗ ਹਿੰਦੂ ਲੜਕੀ ਨੂੰ ਸੁਰੱਖਿਅਤ ਛੁਡਵਾ ਲਿਆ ਗਿਆ ਹੈ। ਦੋਸ਼ ਹੈ ਕਿ ਉਸ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਉਣ ਤੋਂ ਬਾਅਦ ਇੱਕ ਮੁਸਲਮਾਨ ਜ਼ਿਮੀਂਦਾਰ ਨਾਲ ਵਿਆਹ ਦਿੱਤਾ ਗਿਆ ਸੀ।


ਲੜਕੀ ਨੂੰ ਬੁੱਧਵਾਰ ਨੂੰ ਲਾਸਬੇਲਾ ਜ਼ਿਲ੍ਹੇ ਦੇ ਵਿੰਦਰ ਇਲਾਕੇ ਤੋਂ ਛੁਡਵਾਇਆ ਗਿਆ ਅਤੇ ਉਹ ਵੀਰਵਾਰ ਸ਼ਾਮ ਆਪਣੇ ਜੱਦੀ ਸ਼ਹਿਰ ਮੀਰਪੁਰਖਾਸ ਪਹੁੰਚੀ। ਦੋਸ਼ ਹੈ ਕਿ ਪਿਛਲੇ ਮਹੀਨੇ ਲੜਕੀ ਦੇ ਘਰ ਦੇ ਨੇੜਿਓਂ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ। ਹਿੰਦੂ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਵਾਲੀ ਗੈਰ-ਸਰਕਾਰੀ ਸੰਸਥਾ (NGO) 'ਪਾਕਿਸਤਾਨ ਦਰਾਵਰ ਇਤੇਹਾਦ' ਅਨੁਸਾਰ, ਲੜਕੀ ਨੂੰ ਇੱਕ ਜ਼ਿਮੀਂਦਾਰ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਇਆ ਗਿਆ ਹੈ।

ਸੰਸਥਾ ਦੇ ਮੁਖੀ ਸ਼ਿਵ ਕਾਛੀ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਖਿਲਾਫ਼ ਐੱਫ ਆਈ ਆਰ (FIR) ਦਰਜ ਕਰਵਾਉਣ ਲਈ ਪੁਲੀਸ ਨਾਲ ਸੰਪਰਕ ਕੀਤਾ ਸੀ।

ਉਨ੍ਹਾਂ ਐਲਾਨ ਕੀਤਾ, "ਅਸੀਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਰਪੁਰਖਾਸ ਸ਼ਹਿਰ ਵਿੱਚ ਵੱਡੇ ਪੱਧਰ 'ਤੇ ਧਰਨਾ-ਪ੍ਰਦਰਸ਼ਨ ਕਰਾਂਗੇ। ਇਸ ਵਿੱਚ ਅਸੀਂ ਹਿੰਦੂ ਲੜਕੀਆਂ ਅਤੇ ਔਰਤਾਂ ਨੂੰ ਸ਼ਾਮਲ ਕਰਾਂਗੇ, ਤਾਂ ਜੋ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੀ ਸਮੱਸਿਆ ਨੂੰ ਉਜਾਗਰ ਕੀਤਾ ਜਾ ਸਕੇ।"

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਸੋਮਵਾਰ ਨੂੰ ਸਿੰਧ ਹਾਈ ਕੋਰਟ ਨੇ ਦੋ ਨਾਬਾਲਗ ਹਿੰਦੂ ਭੈਣਾਂ ਨੂੰ ਆਪਣੇ ਮਾਪਿਆਂ ਕੋਲ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ 'ਤੇ ਵੀ ਦੋਸ਼ ਸੀ ਕਿ ਦੋਵਾਂ ਲੜਕੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਤੋਂ ਕਾਫ਼ੀ ਵੱਡੀ ਉਮਰ ਦੇ ਮੁਸਲਮਾਨ ਵਿਅਕਤੀਆਂ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ ਸੀ।

  ਖਾਸ ਖਬਰਾਂ