View Details << Back

ਗਰੀਬੀ ਹਟਾਉਣਾ ਮਹਿਜ਼ ਨਾਅਰਾ ਨਹੀਂ, ਸਗੋਂ ਪੱਕੀ ਵਚਨਬੱਧਤਾ: Narender Modi

  ਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਗਰੀਬੀ ਘਟਣ ਬਾਰੇ ਵਿਸ਼ਵ ਬੈਂਕ ਦੀ ਰਿਪੋਰਟ ਦੀ ਸ਼ਲਾਘਾ ਕੀਤੀ ਹੈ। ਇੰਸਟਾਗ੍ਰਾਮ ’ਤੇ ਬਾਲੀਵੁੱਡ ਫਿਲਮ ‘ਦਸਵੀਂ’ ਦੇ ਗੀਤ ‘ਠਾਨ ਲੀਆ’ ਨਾਲ ਸਾਂਝੀ ਕੀਤੀ ਪੋਸਟ ਵਿੱਚ ਮੋਦੀ ਨੇ ਕਿਹਾ ਕਿ ਗਰੀਬੀ ਵਿੱਚ ਆਈ ਇਹ ਇਤਿਹਾਸਕ ਗਿਰਾਵਟ ਮੌਕਿਆਂ ਦੇ ਵੱਡੇ ਵਾਧੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਾਂਗਰਸ ਦੇ ਦਹਾਕਿਆਂ ਪੁਰਾਣੇ ‘ਗਰੀਬੀ ਹਟਾਓ’ ਨਾਅਰੇ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਗਰੀਬੀ ਮਿਟਾਉਣਾ ਮਹਿਜ਼ ਨਾਅਰਾ ਨਹੀਂ, ਸਗੋਂ ਪੱਕੀ ਵਚਨਬੱਧਤਾ ਰਹੀ ਹੈ।


ਵਿਸ਼ਵ ਬੈਂਕ ਦੀ ਅਕਤੂਬਰ 2026 ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2011 ਤੋਂ 2023 ਦਰਮਿਆਨ 49.6 ਕਰੋੜ ਲੋਕ ਗਰੀਬੀ ’ਚੋਂ ਬਾਹਰ ਨਿਕਲੇ ਹਨ। ਇਸ ਨਾਲ ਅਤਿ ਦੀ ਗਰੀਬੀ ਦਰ 90 ਫ਼ੀਸਦੀ ਡਿੱਗ ਕੇ 2011 ਦੇ 27.1 ਫ਼ੀਸਦੀ ਦੇ ਮੁਕਾਬਲੇ 2023 ਵਿੱਚ ਮਹਿਜ਼ 2.6 ਫ਼ੀਸਦੀ ਰਹਿ ਗਈ ਹੈ। ਪਹਿਲਾਂ ਜਿੱਥੇ ਹਰ ਚਾਰ ’ਚੋਂ ਇੱਕ ਭਾਰਤੀ ਗਰੀਬ ਸੀ, ਉੱਥੇ ਹੁਣ ਇਹ ਅੰਕੜਾ 38 ’ਚੋਂ ਇੱਕ ਰਹਿ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਿਰਫ਼ ਛੇ ਸਾਲਾਂ ਵਿੱਚ 13.4 ਕਰੋੜ ਨਵੇਂ ਰੁਜ਼ਗਾਰ ਪੈਦਾ ਹੋਏ ਹਨ, ਜੋ ਕੰਮਕਾਜੀ ਆਬਾਦੀ ਦੇ ਵਾਧੇ ਨਾਲੋਂ ਦੁੱਗਣੇ ਹਨ। ਆਰਥਿਕ ਨਾਬਰਾਬਰੀ ਮਾਪਣ ਵਾਲਾ ‘ਗਿਨੀ ਇੰਡੈਕਸ’ ਵੀ 20 ਫ਼ੀਸਦੀ ਤੋਂ ਵੱਧ ਡਿੱਗ ਕੇ 23.0 ’ਤੇ ਆ ਗਿਆ ਹੈ। ਜ਼ਿਕਰਯੋਗ ਹੈ ਕਿ ਪੋਸਟ ਵਿੱਚ ਵਰਤਿਆ ਗੀਤ ਸੁਖਵਿੰਦਰ ਸਿੰਘ ਅਤੇ ਤਨਿਸ਼ਕਾ ਸੰਘਵੀ ਨੇ ਗਾਇਆ ਹੈ। ਸਾਲ 2022 ਵਿੱਚ ਆਈ ਅਭਿਸ਼ੇਕ ਬੱਚਨ ਅਤੇ ਯਾਮੀ ਗੌਤਮ ਦੀ ਫਿਲਮ ‘ਦਸਵੀਂ’ ਦਾ ਇਹ ਗੀਤ ਜੇਲ੍ਹ ਵਿੱਚ ਬੰਦ ਸਿਆਸਤਦਾਨ ਵੱਲੋਂ ਦਸਵੀਂ ਪਾਸ ਕਰਨ ਅਤੇ ਸਖ਼ਤ ਮਿਹਨਤ ਨਾਲ ਮੁਸ਼ਕਲਾਂ ’ਤੇ ਜਿੱਤ ਪਾਉਣ ਦਾ ਸੁਨੇਹਾ ਦਿੰਦਾ ਹੈ।

  ਖਾਸ ਖਬਰਾਂ