View Details << Back

UN Climate Talks ਅੰਤਾਲਿਆ ਜਲਵਾਯੁੂ ਵਾਰਤਾ ਬੇਸਿੱਟਾ, ਗੁਟੇਰੇਜ਼ ਮਾਯੂਸ

  ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਥੇ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਸੰਯੁਕਤ ਰਾਸ਼ਟਰ ਦੀ ਜਲਵਾਯੂ ਵਾਰਤਾ (ਕੋਪ 31) ਦੇ ਬੇਸਿੱਟਾ ਰਹਿਣ ’ਤੇ ਨਿਰਾਸ਼ਾ ਜਤਾਈ ਹੈ। ਵਾਰਤਾ ਦੇ ਅੰਤਿਮ ਖਰੜੇ (ਐਲਾਨਨਾਮੇ) ਵਿੱਚ ਆਲਮੀ ਤਪਸ਼ ਦੇ ਕਾਰਨਾਂ ਵਜੋਂ ਪਥਰਾਟੀ ਈਂਧਣਾਂ ਦਾ ਜ਼ਿਕਰ ਕਰਨ ਜਾਂ ਨਾ ਕਰਨ ਬਾਰੇ ਸਬੰਧਤ ਧਿਰਾਂ ’ਚ ਸਹਿਮਤੀ ਨਹੀਂ ਬਣ ਸਕੀ। ਗੁਟੇੇਰੇਜ਼ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਮੈਂ ਇਸ ਗੱਲੋਂ ਬਹੁਤ ਨਿਰਾਸ਼ ਹਾਂ ਕਿ ਕੋਪ 31 ਕਿਸੇ ਵਿਆਪਕ ਨਤੀਜੇ ’ਤੇ ਸਹਿਮਤੀ ਬਣੇ ਬਗ਼ੈਰ ਹੀ ਸਮਾਪਤ ਹੋ ਗਈ।’’

ਵਾਰਤਾ ਦੌਰਾਨ ਯੂਰਪੀ ਸੰਘ, ਮਾਰਸ਼ਲ ਟਾਪੂਆਂ ਅਤੇ ਪਨਾਮਾ ਸਮੇਤ ਕਈ ਮੁਲਕਾਂ ਅਤੇ ਸਮੂਹਾਂ ਨੇ ਜਿੱਥੇ ਅੰਤਿਮ ਸਮਝੌਤੇ ਦੇ ਖਰੜੇ ਵਿੱਚ ‘ਪਥਰਾਟੀ ਈਂਧਣਾਂ’ ਦੇ ਜ਼ਿਕਰ ਨੂੰ ਮਨਫ਼ੀ ਕਰਨ ’ਤੇ ਇਤਰਾਜ਼ ਜਤਾਇਆ, ਉਥੇ ਰੂਸ ਨੇ ਇਸ ਫ਼ੈਸਲੇ ਦੀ ਹਮਾਇਤ ਕੀਤੀ। ਯੂਰਪੀ ਸੰਘ ਤੇ ਟਾਪੂਨੁਮਾ ਮੁਲਕਾਂ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਖਰੜੇ ਵਿੱਚ ਜਲਵਾਯੂ ਨੂੰ ਪ੍ਰਦੂਸ਼ਿਤ ਕਰਨ ਵਾਲੇ ਕੋਲੇ, ਤੇਲ ਅਤੇ ਗੈਸ ਦੀ ਵਰਤੋਂ ਨੂੰ ਘਟਾਉਣ ਜਾਂ ਛੱਡਣ ਬਾਰੇ ਵੀ ਕੋਈ ਸਪੱਸ਼ਟ ਨਹੀਂ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਖਰੜਾ ਜਲਵਾਯੂ ਤਬਦੀਲੀ ਦੇ ਵਿਗੜਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਲੋੜੀਂਦੀਆਂ ਲੋੜਾਂ ਦੀ ਕਸਵੱਟੀ ’ਤੇ ਖ਼ਰਾ ਨਹੀਂ ਉੱਤਰਦਾ।

ਤੁਰਕੀ ਦੇ ਸੈਲਾਨੀ ਕੇਂਦਰ ਸ਼ਹਿਰ ਅੰਤਾਲਿਆ ਵਿੱਚ ਚੱਲ ਰਹੀਆਂ ਜਲਵਾਯੂ ਵਾਰਤਾਵਾਂ ਦੌਰਾਨ ਯੂਰਪੀ ਸੰਘ ਵੱਲੋਂ ਬੋਲਦਿਆਂ ਆਇਰਲੈਂਡ ਦੇ ਜਲਵਾਯੂ ਮੰਤਰੀ ਡੈਰੇਗ ਓ’ਬ੍ਰਾਇਨ ਨੇ ਕਿਹਾ, ‘‘ਜਲਵਾਯੂ ਕਾਨੂੰਨ (ਖਰੜੇ) ਵਿੱਚ ਪਥਰਾਟੀ ਈਂਧਣਾਂ ਦਾ ਕੋਈ ਜ਼ਿਕਰ ਨਾ ਹੋਣਾ ਬਹੁਤ ਹੀ ਨਾਵਾਜਬ ਹੋਵੇਗਾ।’’ ਤੁਰਕੀ ਦੇ ਵਾਤਾਵਰਨ ਮੰਤਰੀ ਮੁਰਾਤ ਕੁਰਮ, ਜੋ ਦੋ ਹਫ਼ਤਿਆਂ ਤੋਂ ਚੱਲ ਰਹੀ ਕਾਨਫਰੰਸ (ਕੋਪ 31) ਦੇ ਸਹਿ-ਪ੍ਰਧਾਨ ਹਨ, ਵੱਲੋਂ ਤਿਆਰ ਕੀਤਾ ਗਿਆ ਖਰੜਾ ਐਤਵਾਰ ਦੁਪਹਿਰ ਨੂੰ ਹੋਣ ਵਾਲੀ ਅੰਤਿਮ ਮੀਟਿੰਗ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ। ਕੁਰਮ ਨੇ ਵਾਰਤਾਕਾਰਾਂ ਨੂੰ ਖਰੜੇ ਬਾਰੇ ਇਤਰਾਜ਼ ਜਾਂ ਤਬਦੀਲੀ ਸਬੰਧੀ ਸੁਝਾਵਾਂ ਲਈ ਤਿੰਨ ਘੰਟਿਆਂ ਦਾ ਸਮਾਂ ਦਿੱਤਾ। ਇਹ ਖਰੜਾ ਸਿਖਰ ਸੰਮੇਲਨ ਦੀ ਸੰਭਾਵਿਤ ਆਖ਼ਰੀ ਮੀਟਿੰਗ ਵਿੱਚ ਪੇਸ਼ ਕੀਤਾ ਜਾਣਾ ਹੈ। ਕਈ ਮੁਲਕਾਂ ਨੇ ਇਸ ਖਰੜੇ ਬਾਰੇ ਗੰਭੀਰ ਇਤਰਾਜ਼ ਜਤਾਏ ਹਨ, ਜਿਸ ਨੂੰ ਮਨਜ਼ੂਰੀ ਮਿਲਣ ਲਈ ਲਗਪਗ ਸਰਬਸੰਮਤੀ ਦੀ ਲੋੜ ਹੈ। ਉੱਧਰ, ਕਾਰਕੁਨ ਸਮੂਹਾਂ ਨੇ ਵਾਰਤਾਕਾਰਾਂ ਨੂੰ ਅੰਤਿਮ ਫ਼ੈਸਲੇ ਨੂੰ ਰੱਦ ਕਰਨ ਲਈ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਫੈਸਲਾ ਉਸ ਲੋੜ ਤੋਂ ਬਹੁਤ ਘੱਟ ਹੈ, ਜਿਸ ਦੀ ਕੁੱਲ ਆਲਮ ਨੂੰ ਇਸ ਵੇਲੇ ਆਲਮੀ ਤਪਸ਼ ਨਾਲ ਨਜਿੱਠਣ ਲਈ ਲੋੜ ਹੈ।

  ਖਾਸ ਖਬਰਾਂ