View Details << Back

ਵਿਦੇਸ਼ਾਂ ਤੋਂ ਸਰਗਰਮ ਨੇ ਪੰਜਾਬ ਦੇ 61 ਗੈਂਗਸਟਰ: ਅਮਰੀਕਾ ’ਚ 18 ਤੇ ਕੈਨੇਡਾ ’ਚ 6 ਮੌਜੂਦ; ਹੁਣ ਤੱਕ 17 ਲਿਆਂਦੇ ਭਾਰਤ

  ਕੈਨੇਡਾ ਵੱਲੋਂ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੇ ਨਵੇਂ ਜਾਰੀ ਕੀਤੇ 'ਬੀ ਔਨ ਦ ਲੁੱਕਆਊਟ' (ਬੋਲੋ) ਪ੍ਰੋਗਰਾਮ ਦੀ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸਿਖਰ ’ਤੇ ਰੱਖਣ ਅਤੇ ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ ਬੀ ਆਈ) ਵੱਲੋਂ ਉਸ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਦਾ ਸੰਕਲਪ ਦੁਹਰਾਉਣ ਤੋਂ ਇੱਕ ਦਿਨ ਬਾਅਦ, ਅਮਰੀਕਾ ਅਤੇ ਕੈਨੇਡਾ ਤੋਂ ਸਰਗਰਮ ਪੰਜਾਬੀ ਮੂਲ ਦੇ ਗੈਂਗਸਟਰਾਂ ਦਾ ਮੁੱਦਾ ਮੁੜ ਭਖ ਗਿਆ ਹੈ। ਕਈ ਲੋੜੀਂਦੇ ਅਪਰਾਧੀ ਪੰਜਾਬ ਵਿੱਚ ਫਿਰੌਤੀ, ਕਤਲ, ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਚਲਾਉਣ ਲਈ ਵਿਦੇਸ਼ੀ ਧਰਤੀ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਕਥਿਤ ਤੌਰ ਉੱਤੇ ਵਰਤ ਰਹੇ ਹਨ।


ਅਮਰੀਕਾ ਅਤੇ ਕੈਨੇਡਾ ਇਨ੍ਹਾਂ ਦੀਆਂ ਗਤੀਵਿਧੀਆਂ ਦੇ ਮੁੱਖ ਕੇਂਦਰ ਬਣ ਕੇ ਉੱਭਰੇ ਹਨ, ਜਿਸ ਕਾਰਨ ਕੌਮਾਂਤਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੰਜਾਬ ਪੁਲੀਸ ਵੱਲੋਂ ਇਸ ਸਾਲ ਤਿਆਰ ਕੀਤੀ ਗਈ ਵਿਦੇਸ਼ ਆਧਾਰਿਤ 61 ਗੈਂਗਸਟਰਾਂ ਦੀ ਸੂਚੀ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ 18 ਅਮਰੀਕਾ ਅਤੇ ਛੇ ਕੈਨੇਡਾ ਤੋਂ ਸਰਗਰਮ ਹਨ। ਪੁਲੀਸ ਅੰਕੜਿਆਂ ਅਨੁਸਾਰ, ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਨੌਂ, ਜਰਮਨੀ ਵਿੱਚ ਛੇ, ਯੂਨਾਈਟਿਡ ਕਿੰਗਡਮ (ਯੂ ਕੇ) ਵਿੱਚ ਪੰਜ ਅਤੇ ਯੂਰਪ ਦੇ ਹੋਰ ਹਿੱਸਿਆਂ ਵਿੱਚ ਪੰਜ ਗੈਂਗਸਟਰ ਬੈਠੇ ਹਨ।

ਗੈਂਗਸਟਰ 'ਡੰਕੀ ਰੂਟ' ਰਾਹੀਂ ਅਮਰੀਕਾ ਵਿੱਚ ਦਾਖਲ ਹੋਏ, ਜਦੋਂ ਕਿ ਗੋਲਡੀ ਬਰਾੜ ਅਤੇ ਹੋਰਾਂ ਨੇ ਸਟੂਡੈਂਟ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕਰਕੇ ਕੈਨੇਡਾ ਵਿੱਚ ਪ੍ਰਵੇਸ਼ ਕੀਤਾ।


ਹਾਲਾਂਕਿ, ਪੰਜਾਬ ਪੁਲੀਸ ਲਈ ਚੁਣੌਤੀ ਸਿਰਫ਼ ਇਕੱਲੇ-ਇਕੱਲੇ ਭਗੌੜਿਆਂ ਨੂੰ ਵਾਪਸ ਲਿਆਉਣ ਤੱਕ ਹੀ ਸੀਮਤ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਹੁਣ ਇਨ੍ਹਾਂ ਦੇ ਹਵਾਲਾ ਵਿੱਤੀ ਚੈਨਲਾਂ ਨੂੰ ਤਬਾਹ ਕਰਨ, ਸ਼ੂਟਰਾਂ ਅਤੇ ਸਹੂਲਤ ਦੇਣ ਵਾਲਿਆਂ ਦੇ ਸਥਾਨਕ ਨੈੱਟਵਰਕ ਦੀ ਪਛਾਣ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।


ਸੰਗਠਿਤ ਅਪਰਾਧ ਖ਼ਿਲਾਫ਼ ਵਿੱਢੀ ਇਸ ਮੁਹਿੰਮ ਦੀ ਪੰਜਾਬ ਪੁਲੀਸ ਨੂੰ ਭਾਰੀ ਕੀਮਤ ਵੀ ਚੁਕਾਉਣੀ ਪਈ ਹੈ, ਜਿਸ ਦੌਰਾਨ ਹੁਣ ਤੱਕ ਛੇ ਪੁਲੀਸ ਮੁਲਾਜ਼ਮ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਇਹ ਕਤਲ ਕਥਿਤ ਤੌਰ ’ਤੇ ਪਾਕਿਸਤਾਨ ਆਧਾਰਿਤ ਖੁਫੀਆ ਏਜੰਸੀ ਆਈ ਐੱਸ ਆਈ ਦੇ ਇਸ਼ਾਰੇ ’ਤੇ ਕੀਤੇ ਗਏ ਸਨ, ਜਿਸ ’ਤੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਨੂੰ ਅਸਥਿਰ ਕਰਨ ਲਈ ਗੈਂਗਸਟਰਾਂ ਦੀ ਵਰਤੋਂ ਕਰਨ ਦੇ ਦੋਸ਼ ਲੱਗਦੇ ਰਹੇ ਹਨ।

  ਖਾਸ ਖਬਰਾਂ