View Details << Back

India vs New Zealand: ਭਾਰਤ ਨੇ ਪਹਿਲੇ ਮੈਚ ’ਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ

  India vs New Zealand: ਸੰਜੂ ਸੈਮਸਨ ਦੀਆਂ 33 ਗੇਂਦਾਂ ਵਿੱਚ 67 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟੀ-20 ਕ੍ਰਿਕਟ ਵਿੱਚ ਆਪਣੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇਹ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ’ਤੇ 225 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਭਾਰਤ ਨੇ ਦੋ ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।


ਨਿਊਜ਼ੀਲੈਂਡ ਵੱਲੋਂ ਗਲੈਨ ਫਿਲਿਪਸ ਨੇ ਨਾਬਾਦ 82 ਦੌੜਾਂ ਬਣਾਈਆਂ, ਜਦਕਿ ਫਿਨ ਐਲਨ ਨੇ 24 ਗੇਂਦਾਂ ’ਤੇ 45 ਦੌੜਾਂ ਦੀ ਪਾਰੀ ਖੇਡੀ। ਇਹ ਭਾਰਤ ਖ਼ਿਲਾਫ਼ ਸਾਂਝੇ ਤੌਰ ’ਤੇ ਸਭ ਤੋਂ ਵੱਡਾ ਸਕੋਰ ਅਤੇ ਨਿਊਜ਼ੀਲੈਂਡ ਦਾ ਘਰੇਲੂ ਮੈਦਾਨ ’ਤੇ ਸਭ ਤੋਂ ਵੱਡਾ ਟੀ-20 ਸਕੋਰ ਵੀ ਸੀ।

ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਪਾਵਰਪਲੇਅ ਵਿੱਚ ਹੀ ਇੱਕ ਵਿਕਟ ’ਤੇ 94 ਦੌੜਾਂ ਬਣਾ ਲਈਆਂ ਸਨ। ਸੈਮਸਨ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਚਾਰ ਛੱਕੇ ਜੜੇ। ਅਭਿਸ਼ੇਕ ਸ਼ਰਮਾ ਨੇ 12 ਗੇਂਦਾਂ ’ਤੇ 29 ਦੌੜਾਂ ਬਣਾਈਆਂ ਅਤੇ ਪਹਿਲੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ।

ਹਾਲਾਂਕਿ, ਮਿਸ਼ੇਲ ਸੈਂਟਨਰ ਅਤੇ ਮਾਈਕਲ ਬ੍ਰੇਸਵੈੱਲ ਦੀ ਫਿਰਕੀ ਨੇ ਭਾਰਤ ਨੂੰ ਮੁਸ਼ਕਲ ਵਿੱਚ ਪਾ ਦਿੱਤਾ। ਭਾਰਤ ਨੇ ਸੱਤ ਦੌੜਾਂ ਦੇ ਅੰਦਰ ਤਿੰਨ ਵਿਕਟਾਂ ਗੁਆ ਦਿੱਤੀਆਂ ਅਤੇ ਸਕੋਰ 122 ਦੌੜਾਂ ’ਤੇ ਚਾਰ ਵਿਕਟਾਂ ਹੋ ਗਿਆ। ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਵੱਡੇ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਆਊਟ ਹੋਏ।

ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ 42 ਦੌੜਾਂ ਬਣਾਈਆਂ, ਜਦਕਿ ਨਮਨ ਧੀਰ ਨੇ ਸਿਰਫ਼ 15 ਗੇਂਦਾਂ ’ਤੇ ਨਾਬਾਦ 42 ਦੌੜਾਂ ਬਣਾ ਕੇ ਜਿੱਤ ਯਕੀਨੀ ਬਣਾਈ।

ਫਿਲਿਪਸ ਨੇ ਨਿਊਜ਼ੀਲੈਂਡ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ

ਭਾਰਤੀ ਗੇਂਦਬਾਜ਼ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਰੋਕਣ ਵਿੱਚ ਨਾਕਾਮ ਰਹੇ। ਲਗਪਗ ਚਾਰ ਸਾਲਾਂ ਬਾਅਦ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ ਵਿੱਚ 49 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਹਾਸਲ ਨਹੀਂ ਕੀਤੀ। ਅਕਸ਼ਰ ਪਟੇਲ ਨੇ 51 ਦੌੜਾਂ ਦਿੱਤੀਆਂ। ਨਿਊਜ਼ੀਲੈਂਡ ਨੇ ਆਖ਼ਰੀ 30 ਗੇਂਦਾਂ ਵਿੱਚ 67 ਦੌੜਾਂ ਜੋੜੀਆਂ।

ਪੰਜ ਮੈਚਾਂ ਦੀ ਲੜੀ ਦਾ ਦੂਜਾ ਟੀ-20 ਮੈਚ ਸ਼ਨਿੱਚਰਵਾਰ ਨੂੰ ਇਸੇ ਮੈਦਾਨ ’ਤੇ ਖੇਡਿਆ ਜਾਵੇਗਾ।

  ਖਾਸ ਖਬਰਾਂ