View Details << Back

ਫੌਜੀ ਅਧਿਕਾਰੀਆਂ ਨੂੰ ਮਿਲੇਗੀ ਏ ਆਈ ਦੀ ਸਿਖਲਾਈ; ਡਰੋਨ ਚਲਾਉਣਾ ਹੋਵੇਗਾ ਲਾਜ਼ਮੀ ਮੁਹਾਰਤ

  ਭਾਰਤੀ ਫੌਜ ਨੇ ਭਵਿੱਖ ਵਿੱਚ ਹੋਣ ਵਾਲੀਆਂ ਜੰਗਾਂ ਦੀ ਤਿਆਰੀ ਲਈ ਆਪਣਾ ਨਵਾਂ ਸਿਧਾਂਤ (ਡਾਕਟਰੀਨ) ਜਾਰੀ ਕੀਤਾ ਹੈ। ਇਸ ਨਵੀਂ ਡਾਕਟਰੀਨ ਮੁਤਾਬਕ, ਹੁਣ ਫੌਜ ਦੇ ਅਧਿਕਾਰੀਆਂ ਨੂੰ ਫੈਸਲੇ ਲੈਣ ਵਿੱਚ ਮਦਦ ਲਈ ਮਨਸੂਈ ਬੌਧਿਕਤਾ (AI) ਦੀ ਖਾਸ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, 12 ਲੱਖ ਜਵਾਨਾਂ ਵਾਲੀ ਪੂਰੀ ਭਾਰਤੀ ਫੌਜ ਲਈ ਡਰੋਨ ਚਲਾਉਣਾ ਇੱਕ ਲਾਜ਼ਮੀ ਹੁਨਰ ਬਣਾਇਆ ਜਾਵੇਗਾ।


ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿੱਚ ਚੱਲ ਰਹੀ ਆਰਮੀ ਕਮਾਂਡਰ ਕਾਨਫਰੰਸ ਦੇ ਆਖਰੀ ਦਿਨ 'ਇੰਡੀਅਨ ਆਰਮੀ ਲੈਂਡ ਵਾਰਫੇਅਰ ਡਾਕਟਰੀਨ 2026' ਨਾਂ ਦੀ ਇਹ ਡਾਕਟਰੀਨ ਜਾਰੀ ਕੀਤੀ। ਸੂਤਰਾਂ ਮੁਤਾਬਕ, ਫੌਜ ਹੁਣ ਨਵੀਂ ਤਕਨੀਕ, ਡਰੋਨ ਅਤੇ ਸਹੀ ਨਿਸ਼ਾਨਾ ਲਗਾਉਣ ਵਾਲੇ ਹਥਿਆਰਾਂ ਦੀ ਵਰਤੋਂ 'ਤੇ ਜ਼ਿਆਦਾ ਧਿਆਨ ਦੇ ਰਹੀ ਹੈ। ਫੌਜੀ ਅਧਿਕਾਰੀਆਂ ਲਈ ਏ ਆਈ (AI) ਦੀ ਸਿਖਲਾਈ ਦਾ ਇੱਕ ਤਿੰਨ-ਪੱਧਰੀ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ ਹੈ।


ਇਹ ਨਵੀਂ ਡਾਕਟਰੀਨ ਹਾਲ ਹੀ ਵਿੱਚ ਹੋਏ ਟਕਰਾਵਾਂ (ਜਿਵੇਂ ਕਿ ਅਪਰੇਸ਼ਨ ਸਿੰਧੂਰ) ਤੋਂ ਮਿਲੇ ਸਬਕਾਂ 'ਤੇ ਆਧਾਰਿਤ ਹੈ। ਅੱਜ ਦੇ ਸਮੇਂ ਵਿੱਚ ਡਰੋਨਾਂ, ਲਗਾਤਾਰ ਨਿਗਰਾਨੀ ਅਤੇ ਜਾਣਕਾਰੀ ਦੇਣ ਵਾਲੇ ਸਿਸਟਮਾਂ ਦੀ ਜੰਗ ਵਿੱਚ ਬਹੁਤ ਅਹਿਮ ਭੂਮਿਕਾ ਹੈ। ਇਹ ਨਵੀਂ ਡਾਕਟਰੀਨ 'ਡਿਫੈਂਸ ਫੋਰਸਿਜ਼ ਵਿਜ਼ਨ 2047' ਦਾ ਹਿੱਸਾ ਹੈ, ਜਿਸ ਵਿੱਚ ਤਿੰਨਾਂ ਸੈਨਾਵਾਂ ਦੇ ਆਪਸੀ ਤਾਲਮੇਲ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

ਡਾਕਟਰੀਨ ਵਿੱਚ 'ਆਤਮਨਿਰਭਰਤਾ' ਯਾਨੀ ਦੇਸ਼ ਵਿੱਚ ਬਣੇ ਹਥਿਆਰਾਂ ਦੀ ਵਰਤੋਂ 'ਤੇ ਵੀ ਖਾਸ ਧਿਆਨ ਦਿੱਤਾ ਗਿਆ ਹੈ। ਜੰਗ ਦੌਰਾਨ ਫੌਜੀਆਂ ਨੂੰ ਹਥਿਆਰਾਂ, ਗੋਲਾ-ਬਾਰੂਦ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਾਣੀ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣਾ ਅਹਿਮ ਮੰਨਿਆ ਗਿਆ ਹੈ। ਇਸ ਤੋਂ ਇਲਾਵਾ, ਜੇਕਰ ਦੁਸ਼ਮਣ ਸਿਗਨਲ ਜਾਂ ਸੰਚਾਰ ਨੈੱਟਵਰਕ ਨੂੰ ਜਾਮ ਵੀ ਕਰ ਦਿੰਦਾ ਹੈ, ਤਾਂ ਵੀ ਫੌਜ ਦੀਆਂ ਮਸ਼ੀਨਾਂ ਅਤੇ ਹਥਿਆਰ ਬਿਨਾਂ ਰੁਕਾਵਟ ਕੰਮ ਕਰਦੇ ਰਹਿਣਗੇ।

ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਫੌਜੀ ਕਮਾਂਡਰਾਂ ਨੂੰ ਹੁਣ ਖਤਰੇ, ਭੂਗੋਲਿਕ ਸਥਿਤੀ ਅਤੇ ਮਾਹੌਲ ਮੁਤਾਬਕ ਮੌਕੇ 'ਤੇ ਫੈਸਲੇ ਲੈਣ ਦੀ ਵਧੇਰੇ ਖੁੱਲ੍ਹ ਦਿੱਤੀ ਜਾਵੇਗੀ। ਫੌਜ ਮੁਖੀ ਜਨਰਲ ਧੀਰਜ ਸੇਠ ਦੀ ਅਗਵਾਈ ਵਿੱਚ 21 ਅਕਤੂਬਰ ਨੂੰ ਸ਼ੁਰੂ ਹੋਈ ਤਿੰਨ ਰੋਜ਼ਾ ਕਾਨਫਰੰਸ ਵਿੱਚ ਵੱਖ-ਵੱਖ ਸੁਰੱਖਿਆ ਮੁੱਦਿਆਂ ਅਤੇ ਫੌਜ ਦੇ ਕੰਮਕਾਜ ਨੂੰ ਡਿਜੀਟਲ ਬਣਾਉਣ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ।

  ਖਾਸ ਖਬਰਾਂ