View Details << Back

ਰਾਜਨਾਥ ਵੱਲੋਂ ਸੰਕਟ ਨਾਲ ਸਿੱਝਣ ਲਈ ਤਿਆਰੀ ਦਾ ਸੱਦਾ

  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਏਸ਼ੀਆ ਵਿੱਚ ਲਗਾਤਾਰ ਬਦਲਦੇ ਹਾਲਾਤ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਦਰਮਿਆਨੀ ਤੋਂ ਲੰਮੀ ਮਿਆਦ ਦੀ ਤਿਆਰੀ ਯਕੀਨੀ ਬਣਾਉਣ ਅਤੇ ਫ਼ੈਸਲੇ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਪੱਛਮੀ ਏਸ਼ੀਆ ਦੀ ਸਥਿਤੀ ਦੀ ਨਿਗਰਾਨੀ ਲਈ ਬਣਾਏ ਗ਼ੈਰ-ਰਸਮੀ ਉੱਚ ਤਾਕਤੀ ਮੰਤਰੀ ਸਮੂਹ (ਆਈ ਜੀ ਓ ਐੱਮ) ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਬਿਜਲੀ ਮੰਤਰੀ ਮਨੋਹਰ ਲਾਲ ਅਤੇ ਰਸਾਇਣ ਤੇ ਖਾਦ ਮੰਤਰੀ ਜੇ ਪੀ ਨੱਢਾ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ, ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਅਤੇ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਵਿਚਾਰ-ਵਟਾਂਦਰੇ ’ਚ ਹਿੱਸਾ ਲਿਆ।

ਸਰਕਾਰੀ ਬਿਆਨ ਮੁਤਾਬਕ ਮੰਤਰੀ ਸਮੂਹ ਨੇ ਬਦਲਦੇ ਹਾਲਾਤ ਅਤੇ ਇਸ ਦੇ ਵੱਖ-ਵੱਖ ਖੇਤਰਾਂ ’ਤੇ ਪ੍ਰਭਾਵ ਦਾ ਜਾਇਜ਼ਾ ਲਿਆ। ਰੱਖਿਆ ਮੰਤਰੀ ਨੇ ਸਰਗਰਮ, ਤਾਲਮੇਲ ਵਾਲੇ ਅਤੇ ਦੂਰਅੰਦੇਸ਼ ਦ੍ਰਿਸ਼ਟੀਕੋਟ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਬਦਲਦੇ ਹਾਲਾਤ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ।
  ਖਾਸ ਖਬਰਾਂ