View Details << Back

ਦੇਸ਼ ਭਰ ’ਚ ਉਤਸ਼ਾਹ ਨਾਲ ਮਨਾਈ ਈਦ

  ਦੇਸ਼ ਭਰ ਵਿਚ ਈਦ-ਉਲ-ਫ਼ਿਤਰ ਅੱਜ ਪੂਰੇ ਜੋਸ਼ ਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਗਈ। ਮੁਸਲਿਮ ਭਾਈਚਾਰੇ ਨੇ ਵੱਖ-ਵੱਖ ਥਾਈਂ ਈਦਗਾਹਾਂ ਤੇ ਮਸਜਿਦਾਂ ਵਿਚ ਨਮਾਜ਼ ਅਦਾ ਕੀਤੀ। ਕਈ ਥਾਵਾਂ ’ਤੇ ਨਮਾਜ਼ੀਆਂ ਨੇ ਪੱਛਮੀ ਏਸ਼ੀਆ ਦੀ ਜੰਗ ਖਿਲਾਫ਼ ਰੋਹ ਪ੍ਰਗਟ ਕਰਨ ਲਈ ਬਾਹਾਂ ’ਤੇ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ। ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਐਸ਼ਬਾਗ਼ ਈਦਗਾਹ ’ਤੇ ਸਭ ਤੋਂ ਵੱਡਾ ਇਕੱਠ ਹੋਇਆ। ਕਰੀਬ ਪੰਜ ਲੱਖ ਲੋਕਾਂ ਨੇ ਈਦਗਾਹ ’ਤੇ ਨਮਾਜ਼ ਅਦਾ ਕੀਤੀ।

ਇਸ ਮੌਕੇ ਮੁਲਕ ਵਿਚ ਭਾਈਚਾਰੇ, ਤਰੱਕੀ ਤੇ ਸ਼ਾਂਤੀ ਲਈ ਖ਼ਾਸ ਤੌਰ ’ਤੇ ਦੁਆ ਕੀਤੀ ਗਈ। ਯੂ ਪੀ ਦੇ ਝਾਂਸੀ, ਸੰਭਲ, ਕੌਸ਼ਾਂਬੀ, ਮਊ, ਬਰੇਲੀ ਤੇ ਅਮੇਠੀ ਵਿਚ ਵੀ ਈਦ ਪੂਰੇ ਚਾਉ ਨਾਲ ਮਨਾਈ ਗਈ। ਈਦ ਮੌਕੇ ਹੋਏ ਇਕੱਠਾਂ ’ਚ ਸਿੱਖ ਤੇ ਇਸਾਈ ਧਰਮਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਣੇ ਕਈ ਸੀਨੀਅਰ ਆਗੂਆਂ ਨੇ ਵੀ ਇਨ੍ਹਾਂ ਜਲਸਿਆਂ ਵਿਚ ਸ਼ਿਰਕਤ ਕੀਤੀ। ਮੱਧ ਪ੍ਰਦੇਸ਼ ਵਿਚ ਵੀ ਈਦ ਪੂਰੇ ਜੋਸ਼ ਨਾਲ ਮਨਾਈ ਗਈ। ਸ਼ੀਆ ਤੇ ਸੁੰਨੀ ਪਰਿਵਾਰਾਂ ਨੇ ਭੋਪਾਲ, ਜਬਲਪੁਰ, ਇੰਦੌਰ, ਉਜੈਨ, ਬੁਰਹਾਨਪੁਰ ਤੇ ਹੋਰ ਥਾਵਾਂ ’ਤੇ ਨਮਾਜ਼ ਅਦਾ ਕੀਤੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਜ਼ਰਤਬਲ ਦਰਗਾਹ ’ਤੇ ਨਮਾਜ਼ ਅਦਾ ਕਰਨ ਤੋਂ ਬਾਅਦ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਸੰਸਾਰ ਉਤੇ ਥੋਪੀ ਗਈ ‘ਨਾਜਾਇਜ਼’ ਜੰਗ ਜਲਦੀ ਤੋਂ ਜਲਦੀ ਬੰਦ ਹੋਣੀ ਚਾਹੀਦੀ ਹੈ।
  ਖਾਸ ਖਬਰਾਂ