View Details << Back

ਮੋਦੀ ਸਭ ਤੋਂ ਵੱਡਾ ਘੁਸਪੈਠੀਆ, ਵੋਟਿੰਗ ਹੱਕ ਖਤਰੇ ’ਚ: ਮਮਤਾ

  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਹਮਲੇ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਉਹ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਰਾਹੀਂ ਲੋਕਾਂ ਦੇ ਵੋਟਿੰਗ ਹੱਕ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਮਮਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਸਭ ਤੋਂ ਵੱਡਾ ਘੁਸਪੈਠੀਆ’ ਕਰਾਰ ਦਿੱਤਾ। ਕੋਲਕਾਤਾ ਦੀ ਰੈੱਡ ਰੋਡ ’ਤੇ ਈਦ ਸਮਾਗਮ ’ਚ ਸ਼ਿਰਕਤ ਕਰਦਿਆਂ ਟੀ ਐੱਮ ਸੀ ਸੁਪਰੀਮੋ ਨੇ ਕਿਹਾ ਕਿ ਐੱਸ ਆਈ ਆਰ ਸੂਬੇ ’ਚ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ, ‘‘ਅਸੀਂ ਲੋਕਤੰਤਰ ਦੀ ਰਾਖੀ ਅਤੇ ਹਰੇਕ ਨਾਗਰਿਕ ਦੇ ਹੱਕਾਂ ਲਈ ਅਖ਼ੀਰ ਤੱਕ ਲੜਾਈ ਲੜਾਂਗੇ।’’

ਉਨ੍ਹਾਂ ਕਿਹਾ ਕਿ ਟੀ ਐੱਮ ਸੀ ਨੇ ਐੱਸ ਆਈ ਆਰ ਪ੍ਰਕਿਰਿਆ ਨੂੰ ਕੋਲਕਾਤਾ ਤੋਂ ਲੈ ਕੇ ਦਿੱਲੀ ਤੱਕ ਦੀਆਂ ਅਦਾਲਤਾਂ ’ਚ ਚੁਣੌਤੀ ਦਿੱਤੀ ਹੈ। ਜਿਹੜੇ ਲੋਕ ਬੰਗਾਲ ਨੂੰ ਨਿਸ਼ਾਨਾ ਬਣਾਉਣ ਅਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ‘ਜਹੰਨੁਮ ਜਾਣਾ’ ਚਾਹੀਦਾ ਹੈ। ਇਸ ’ਤੇ ਇਕੱਠ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਤਾੜੀਆਂ ਮਾਰੀਆਂ। ਬੰਗਾਲ ਦੀ ਫ਼ਿਰਕੂ ਸਦਭਾਵਨਾ ਦੀ ਰਵਾਇਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਵੇਗਾ। ‘ਬੰਗਾਲ ਏਕਤਾ ’ਚ ਵਿਸ਼ਵਾਸ ਰਖਦਾ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਇਕੱਠੇ ਰਹਿੰਦੇ ਹਨ। ਅਸੀਂ ਇਸ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵਾਂਗੇ।’ ਮਮਤਾ ਨੇ ਕਿਹਾ ਕਿ ਜਦੋਂ ਮੋਦੀ ਵਿਦੇਸ਼ ਜਾਂਦੇ ਹਨ ਤਾਂ ਉਥੋਂ ਦੇ ਆਗੂਆਂ ਨਾਲ ਉਹ ਹੱਥ ਮਿਲਾ ਕੇ ਦੋਸਤੀ ਦੀਆਂ ਗੱਲਾਂ ਕਰਦੇ ਹਨ ਪਰ ਜਦੋਂ ਭਾਰਤ ਪਰਤਦੇ ਹਨ ਤਾਂ ਅਚਾਨਕ ਹੀ ਉਹ ਹਿੰਦੂ-ਮੁਸਲਿਮ ਬਿਰਤਾਂਤ ਸ਼ੁਰੂ ਕਰ ਦਿੰਦੇ ਹਨ ਅਤੇ ਲੋਕਾਂ ਨੂੰ ਘੁਸਪੈਠੀਏ ਆਖਦੇ ਹਨ ਪਰ ਤੁਸੀਂ ਅਤੇ ਤੁਹਾਡੀ ਸਰਕਾਰ ਸੱਭ ਤੋਂ ਵੱਡੇ ਘੁਸਪੈਠੀਏ ਹਨ।
  ਖਾਸ ਖਬਰਾਂ