View Details << Back

Iran ਦੇ ਅਗਲੇ ਨੇਤਾ ਦੀ ਚੋਣ ਵਿੱਚ ਮੇਰੀ ਭੂਮਿਕਾ ਹੋਣੀ ਚਾਹੀਦੀ ਹੈ: Trump; ਅਬੂ ਧਾਬੀ ਵਿੱਚ ਕਈ ਧਮਾਕੇ

  ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਛੇਵਾਂ ਦਿਨ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ Axios ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਇਰਾਨ ਦੇ ਅਗਲੇ ਸਰਵਉੱਚ ਨੇਤਾ ਦੀ ਚੋਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਅਨੁਸਾਰ ਟਰੰਪ ਨੇ ਇਰਾਨ ਦੇ ਮੌਜੂਦਾ ਨੇਤਾ ਆਇਤੁੱਲਾ ਅਲੀ ਖ਼ਮੇਨੀ ਦੇ ਬੇਟੇ ਨੂੰ ਅਗਲਾ ਨੇਤਾ ਚੁਣੇ ਜਾਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਕਰਾਰ ਦਿੱਤਾ ਹੈ। ਇਸ ਦੌਰਾਨ ਭਾਰਤ ਨੇ ਪਹਿਲੀ ਵਾਰ ਆਇਤੁੱਲਾ ਅਲੀ ਖਮੇਨੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਭਾਰਤ ਸਰਕਾਰ ਵੱਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਸਥਿਤ ਇਰਾਨੀ ਦੂਤਾਵਾਸ ਵਿਚ ਜਾ ਕੇ ਖਮੇਨੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਉੱਥੇ ਰੱਖੀ ਗਈ ਸ਼ੋਕ ਕਿਤਾਬ ਵਿੱਚ ਆਪਣੇ ਦਸਤਖਤ ਕੀਤੇ।

ਇਰਾਨ ਨੇ ਦੱਸਿਆ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ ਵਧ ਕੇ 1,230 ਹੋ ਗਈ ਹੈ। ਇਹ ਜਾਣਕਾਰੀ ਇਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ 'ਫਾਊਂਡੇਸ਼ਨ ਆਫ਼ ਮਾਰਟੀਅਰਜ਼ ਐਂਡ ਵੈਟਰਨ ਅਫੇਅਰਜ਼' ਦੇ ਹਵਾਲੇ ਨਾਲ ਸਾਂਝੀ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ ਨੂੰ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦਰਮਿਆਨ ਇਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਗਚੀ ਨਾਲ ਫੋਨ ’ਤੇ ਗੱਲਬਾਤ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜਾਣਕਾਰੀ ਦਿੰਦੇ ਹੋਏ ਜੈਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਨੇ ਦੁਪਹਿਰ ਵੇਲੇ ਇਰਾਨੀ ਵਿਦੇਸ਼ ਮੰਤਰੀ ਨਾਲ ਫੋਨ ’ਤੇ ਸੰਪਰਕ ਕੀਤਾ ਸੀ, ਹਾਲਾਂਕਿ ਇਸ ਗੱਲਬਾਤ ਦੇ ਹੋਰ ਵੇਰਵੇ ਅਜੇ ਜਨਤਕ ਨਹੀਂ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਆਇਤੁੱਲਾ ਖਮੇਨੀ ਦੀ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਿੱਚ ਮੌਤ ਹੋਈ ਸੀ, ਜਿਸ ਦੀ ਅਧਿਕਾਰਤ ਪੁਸ਼ਟੀ ਇਰਾਨ ਨੇ ਇੱਕ ਦਿਨ ਬਾਅਦ ਕੀਤੀ ਸੀ।ਇਸੇ ਦੌਰਾਨ ਅਮਰੀਕਾ ਨੇ ਬੁੱਧਵਾਰ ਨੂੰ ਭਾਰਤ ਤੋਂ ਵਾਪਸ ਜਾ ਰਹੇ ਇਰਾਨੀ ਜੰਗੀ ਜਹਾਜ਼ IRIS ਦੇਨਾ ਨੂੰ ਸ੍ਰੀਲੰਕਾ ਦੇ ਕੋਲ ਹਮਲਾ ਕਰਕੇ ਤਬਾਹ ਕਰ ਦਿੱਤਾ ਸੀ। ਸ੍ਰੀਲੰਕਾ ਦੀ ਜਲ ਸੈਨਾ ਮੁਤਾਬਕ ਹੁਣ ਤੱਕ 87 ਲਾਸ਼ਾਂ ਮਿਲ ਚੁੱਕੀਆਂ ਹਨ, ਜਦਕਿ 32 ਜਣਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਲਗਪਗ 60 ਹਾਲੇ ਵੀ ਲਾਪਤਾ ਹਨ। ਇਹ ਜਹਾਜ਼ 18 ਫਰਵਰੀ ਨੂੰ ਭਾਰਤ ਦੇ ਵਿਸ਼ਾਖਾਪਟਨਮ ਵਿੱਚ ਹੋਏ ਅੰਤਰਰਾਸ਼ਟਰੀ ਜਲ ਸੈਨਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਇਆ ਸੀ ਅਤੇ 25 ਫਰਵਰੀ ਨੂੰ ਵਾਪਸ ਰਵਾਨਾ ਹੋਇਆ ਸੀ। ਜਦੋਂ ਇਸ 'ਤੇ ਹਮਲਾ ਹੋਇਆ ਤਾਂ ਇਹ ਸ੍ਰੀਲੰਕਾ ਦੇ ਗਾਲੇ ਸ਼ਹਿਰ ਤੋਂ ਲਗਪਗ 75 ਕਿਲੋਮੀਟਰ ਦੂਰ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਪਣਡੁੱਬੀ ਨੇ ਕਿਸੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਰਿਪੋਰਟਾਂ ਅਨੁਸਾਰ ਅਮਰੀਕਾ ਹੁਣ ਤੱਕ ਇਰਾਨ ਦੇ 20 ਜੰਗੀ ਜਹਾਜ਼ਾਂ ਨੂੰ ਤਬਾਹ ਕਰ ਚੁੱਕਾ ਹੈ।
  ਖਾਸ ਖਬਰਾਂ