View Details << Back

ਅਮਰੀਕਾ ਤੇ ਮੱਧ ਪੂਰਬ ਨੇ ਸ਼ਾਹਿਦ ਡਰੋਨਾਂ ਦੇ ਟਾਕਰੇ ਲਈ ਕੀਵ ਤੋਂ ਮਦਦ ਮੰਗੀ

  ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਅਮਰੀਕਾ ਤੇ ਉਸ ਦੇ ਭਾਈਵਾਲਾਂ ਨੇ ਮੱਧ ਪੂਰਬ ਵਿੱਚ ਇਰਾਨ ਦੇ ਸ਼ਾਹਿਦ ਡਰੋਨਾਂ ਦੇ ਟਾਕਰੇ ਲਈ ਯੂਕਰੇਨੀ ਮੁਹਾਰਤ ਦੀ ਮੰਗ ਕੀਤੀ ਹੈ। ਜ਼ੇਲੈਂਸਕੀ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਅਮਰੀਕਾ ਸਣੇ ਵੱਖ-ਵੱਖ ਮੁਲਕਾਂ ਨੇ ਇਰਾਨੀ ਡਰੋਨਾਂ ਦੇ ਮੁਕਾਬਲੇ ਲਈ ਯੂਕਰੇਨ ਤੋਂ ਮਦਦ ਮੰਗੀ ਹੈ।

ਯੂਕਰੇਨੀ ਸਦਰ ਨੇ ਕਿਹਾ ਕਿ ਉਨ੍ਹਾਂ ਹਾਲੀਆ ਦਿਨਾਂ ’ਚ ਸੰਭਾਵੀ ਸਹਿਯੋਗ ਬਾਰੇ ਸੰਯੁਕਤ ਅਰਬ ਅਮੀਰਾਤ (ਯੂ ਏ ਈ), ਕਤਰ, ਬਹਿਰੀਨ, ਜੌਰਡਨ ਤੇ ਕੁਵੈਤ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ। ਰੂਸ ਨੇ ਪਿਛਲੇ ਚਾਰ ਸਾਲਾਂ ਤੋਂ ਜਾਰੀ ਜੰਗ ਦੌਰਾਨ ਹੁਣ ਤੱਕ ਯੂਕਰੇਨ ’ਤੇ ਇਰਾਨ ਵਿਚ ਬਣੇ ਹੋਏ ਹਜ਼ਾਰਾਂ ਸ਼ਾਹਿਦ ਡਰੋਨ ਦਾਗ਼ੇ ਹਨ। ਇਰਾਨ ਨੇ ਵੀ ਅਮਰੀਕੀ-ਇਜ਼ਰਾਇਲੀ ਹਮਲਿਆਂ ਦੇ ਟਾਕਰੇ ਲਈ ਸ਼ਾਹਿਦ ਡਰੋਨਾਂ ਦੀ ਵਰਤੋਂ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਇਰਾਨੀ ਡਰੋਨਾਂ ਦੇ ਟਾਕਰੇ ਲਈ ਯੂਕਰੇਨੀ ਸਹਾਇਤਾ ਉਦੋਂ ਹੀ ਦਿੱਤੀ ਜਾਵੇਗੀ, ਜੇ ਇਸ ਨਾਲ ਯੂਕਰੇਨ ਦੀ ਆਪਣੀ ਸੁਰੱਖਿਆ ਕਮਜ਼ੋਰ ਨਾ ਹੋਵੇ ਤੇ ਇਸ ਨਾਲ ਰੂਸੀ ਹਮਲੇ ਨੂੰ ਰੋਕਣ ਲਈ ਕੀਵ ਦੇ ਕੂਟਨੀਤਕ ਯਤਨਾਂ ਵਿੱਚ ਵਾਧਾ ਹੋਵੇ।

ਇਰਾਨ ਨੇ ਫੌਜੀ ਇਮਦਾਦ ਨਹੀਂ ਮੰਗੀ: ਰੂਸ

ਮਾਸਕੋ: ਕਰੈਮਲਿਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਤੋਂ ਦਰਪੇਸ਼ ਹਮਲਿਆਂ ਦਰਮਿਆਨ ਇਰਾਨ ਨੇ ਅਜੇ ਤੱਕ ਉਨ੍ਹਾਂ ਕੋਲੋਂ ਫੌਜੀ ਇਮਦਾਦ ਨਹੀਂ ਮੰਗੀ ਹੈ। ਆਪਣੇ ਭਾਈਵਾਲ ਇਰਾਨ ਨੂੰ ਕਿਸੇ ਤਰ੍ਹਾਂ ਦੀ ਫੌਜੀ ਸਹਾਇਤਾ ਦੇਣ ਬਾਰੇ ਸਵਾਲ ਦੇ ਜਵਾਬ ਵਿੱਚ ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ, ‘‘ਹਾਲ ਦੀ ਘੜੀ ਇਰਾਨ ਵੱਲੋਂ ਅਜਿਹੀ ਕੋਈ ਗੁਜ਼ਾਰਿਸ਼ ਨਹੀਂ ਆਈ। ਸਾਡੀ ਇਕਸਾਰ ਪੁਜ਼ੀਸ਼ਨ ਤੋਂ ਸਾਰੇ ਜਾਣੂ ਹਨ ਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਹੈ।’’ ਰੂਸੀ ਅਧਿਕਾਰੀ ਨੇ ਕਿਹਾ ਕਿ ਮਾਸਕੋ ਵੱਲੋਂ ਜਨਵਰੀ 2025 ਵਿੱਚ ਤਹਿਰਾਨ ਨਾਲ ਕੀਤੇ ‘ਰਣਨੀਤਕ ਭਾਈਵਾਲੀ’ ਕਰਾਰ ਵਿੱਚ ਫੌਜੀ ਇਮਦਾਦ ਦੀ ਕੋਈ ਗੱਲ ਨਹੀਂ ਹੈ।

ਕੁਰਦ ਬਾਗ਼ੀ ਇਰਾਨ ਖਿਲਾਫ਼ ਜੰਗ ’ਚ ਕੁੱਦਣ ਲਈ ਤਿਆਰ

ਇਰਬਿਲ: ਉੱਤਰੀ ਇਰਾਕ ਵਿੱਚ ਕੁਰਦ ਇਰਾਨੀ ਬਾਗ਼ੀ ਸਮੂਹਾਂ ਨੇ ਇਰਾਨ ਵਿੱਚ ਸਰਹੱਦ ਪਾਰੋਂ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਜੰਗ ਵਿੱਚ ਕੁਰਦਾਂ ਦਾ ਦਾਖ਼ਲਾ ਤਹਿਰਾਨ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਕੁਰਦਿਸਤਾਨ ਫ੍ਰੀਡਮ ਪਾਰਟੀ ਦੇ ਅਧਿਕਾਰੀ ਖਲਿਲ ਨਾਦਿਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਲੜਾਕੇ ਸੁਲੇਮਾਨੀਆ ਸੂਬੇ ਵਿੱਚ ਇਰਾਨੀ ਸਰਹੱਦ ਨੇੜਲੇ ਖੇਤਰਾਂ ਵਿੱਚ ਚਲੇ ਗਏ ਹਨ ਤੇ ਉਨ੍ਹਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਆਖ ਦਿੱਤਾ ਹੈ।
  ਖਾਸ ਖਬਰਾਂ