View Details << Back

ਡੀ ਆਈ ਜੀ ਭੁੱਲਰ ਕੋਲ 16 ਕਰੋੜ ਦੀ ਅਚੱਲ ਸੰਪਤੀ

  ਸੀ ਬੀ ਆਈ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ (ਹੁਣ ਮੁਅੱਤਲੀ ਅਧੀਨ) ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨੀ ਦੇ ਕੇਸ ਦੀ ਤਿਆਰੀ ਵਿੱਢ ਲਈ ਹੈ। ਡੀ ਆਈ ਜੀ ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ ਇਸ ਵੇਲੇ ਬੁੜੈਲ ਜੇਲ੍ਹ ’ਚ ਬੰਦ ਹਨ। ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਤੋਂ 7.5 ਕਰੋੜ ਦੀ ਨਕਦੀ, ਢਾਈ ਕਿੱਲੋ ਸੋਨਾ, 24 ਲਗਜ਼ਰੀ ਘੜੀਆਂ ਤੋਂ ਇਲਾਵਾ 50 ਦੇ ਕਰੀਬ ਸੰਪਤੀਆਂ ਦੇ ਦਸਤਾਵੇਜ਼ ਹਾਸਲ ਕੀਤੇ ਹਨ ਜਿਨ੍ਹਾਂ ’ਚ ਕਈ ਬੇਨਾਮੀ ਸੰਪਤੀਆਂ ਦੇ ਵੀ ਕਾਗ਼ਜ਼ ਹਨ। ਭੁੱਲਰ ਦੀ ਰਿਹਾਇਸ਼ ਆਦਿ ਤੋਂ ਸ਼ਰਾਬ ਮਿਲਣ ਦੇ ਮਾਮਲੇ ’ਚ ਆਬਕਾਰੀ ਐਕਟ ਤਹਿਤ ਵੱਖਰਾ ਮੁਕੱਦਮਾ ਦਰਜ ਕਰਾਇਆ ਗਿਆ ਹੈ।

ਸੂਤਰਾਂ ਅਨੁਸਾਰ ਸੀ ਬੀ ਆਈ ਤਰਫ਼ੋਂ ਹੁਣ ਭੁੱਲਰ ਦੇ ਘਰੋਂ ਮਿਲੀ ਨਕਦੀ ਅਤੇ ਸੰਪਤੀ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਦੀ ਕੁੱਲ ਆਮਦਨੀ ਅਤੇ ਖ਼ਰਚੇ ਦਾ ਮਿਲਾਣ ਕੀਤਾ ਜਾਵੇਗਾ। ਉਸ ਮਗਰੋਂ 2009 ਬੈਚ ਦੇ ਆਈ ਪੀ ਐੱਸ ਅਧਿਕਾਰੀ ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਨਵੇਂ ਕੇਸ ਦਾ ਮੁੱਢ ਬੱਝ ਸਕਦਾ ਹੈ। ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਕੇਂਦਰ ਸਰਕਾਰ ਕੋਲ ਪਹਿਲੀ ਜਨਵਰੀ, 2025 ਤੱਕ ਦੀ ਪ੍ਰਾਪਰਟੀ ਰਿਟਰਨ ਭਰੀ ਸੀ। ਉਸ ਮੁਤਾਬਕ ਭੁੱਲਰ ਪਰਿਵਾਰ ਕੋਲ ਅੱਠ ਸੰਪਤੀਆਂ ਹਨ ਜਿਨ੍ਹਾਂ ਦਾ ਖ਼ੁਲਾਸਾ ਖ਼ੁਦ ਡੀ ਆਈ ਜੀ ਨੇ ਕੀਤਾ ਹੈ।
  ਖਾਸ ਖਬਰਾਂ