View Details << Back

ਢੁਕਵੇਂ ਸਮੇਂ ’ਤੇ ਕਸ਼ਮੀਰ ਦਾ ਦਰਜਾ ਬਹਾਲ ਕਰਾਂਗੇ: ਸ਼ਾਹ

  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਾਅਦਾ ਕੀਤਾ ਕਿ ਢੁਕਵਾਂ ਸਮਾਂ ਆਉਣ ’ਤੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੋਕਾਂ ਦੀਆਂ ਮੰਗਾਂ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ। ਇੱਥੇ ਮੀਡੀਆ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਸ਼ਾਹ ਨੇ ਦਾਅਵਾ ਕੀਤਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਅਤਿਵਾਦ ਨਾਲ ਪ੍ਰਭਾਵਿਤ ਜੰਮੂ ਕਸ਼ਮੀਰ ਵਿੱਚ ਬਦਲਾਅ ਆਇਆ ਹੈ ਅਤੇ ਪਿਛਲੇ ਨੌਂ ਮਹੀਨਿਆਂ ਵਿੱਚ ਕੋਈ ਵੀ ਸਥਾਨਕ ਵਿਅਕਤੀ ਅਤਿਵਾਦੀ ਜਥੇਬੰਦੀ ਵਿੱਚ ਭਰਤੀ ਨਹੀਂ ਹੋਇਆ ਹੈ।

‘ਏ ਬੀ ਪੀ ਨਿਊਜ਼’ ਅਤੇ ‘ਹਿੰਦੁਸਤਾਨ’ ਵੱਲੋਂ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ, ‘‘ਜੰਮੂ ਕਸ਼ਮੀਰ ਜਿੱਥੇ ਕਿ 1990ਵਿਆਂ ਤੋਂ ਵੱਖਵਾਦ ਚੱਲਦਾ ਆ ਰਿਹਾ ਸੀ ਉੱਥੇ ਇਹ ਗੁਣਾਤਮਕ ਤਬਦੀਲੀ ਦੇਖਣ ਨੂੰ ਮਿਲੀ ਹੈ। ਪਹਿਲਾਂ, ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਅਤਿਵਾਦੀ ਭੇਜਣ ਦੀ ਲੋੜ ਨਹੀਂ ਸੀ ਪੈਂਦੀ। ਉਹ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੰਦੇ ਸਨ। ਹੁਣ ਹਾਲਾਤ ਬਦਲ ਗਏ ਹਨ। ਜੰਮੂ ਕਸ਼ਮੀਰ ਦੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਸਮੁੱਚੇ ਦੇਸ਼ ਦਾ ਹਿੱਸਾ ਹਨ ਅਤੇ ਸਮੁੱਚਾ ਦੇਸ਼ ਉਨ੍ਹਾਂ ਦਾ ਹੈ।’’
  ਖਾਸ ਖਬਰਾਂ