View Details << Back

ਪਾਕਿ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹਮਲੇ ਦੀ ਫੈਲਾਈ ਝੂਠੀ ਖ਼ਬਰ, ਸਰਕਾਰ ਨੇ ਦਾਅਵਿਆਂ ਤੇ ਝੂਠੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ

  ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਲੈ ਕੇ ਗੁਮਰਾਹਕੁੰਨ ਤੇ ਝੂਠੀਆਂ ਖ਼ਬਰਾਂ ਫੈਲਾਉਣ ਦਾ ਦੌਰ ਜਾਰੀ ਹੈ। ਸਰਕਾਰ ਨੇ ਸ਼ਨਿਚਰਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਕਿ ਭਾਰਤ ਨੇ ਪਾਕਿਸਤਾਨ ’ਚ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਡਰੋਨ ਹਮਲਾ ਕੀਤਾ ਹੈ। ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਮੱਗਰੀ ਭਾਰਤ ’ਚ ਕੌਮੀ ਨਫ਼ਰਤ ਫੈਲਾਉਣ ਲਈ ਪ੍ਰਸਾਰਿਤ ਕੀਤੀ ਜਾ ਰਹੀ ਹੈ।

ਇੰਟਰਨੈੱਟ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਡਰੋਨ ਹਮਲਾ ਕੀਤਾ ਹੈ। ਪੀਆਈਬੀ ਨੇ ਕਿਹਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਇਹ ਗੁਰਦੁਆਰਾ ਸਿੱਖਾਂ ਲਈ ਇਕ ਪਵਿੱਤਰ ਤੀਰਥ ਸਥਾਨ ਹੈ।


ਇੰਟਰਨੈੱਟ ਮੀਡੀਆ ਤੇ ਕੁਝ ਨਿਊਜ਼ ਪਲੇਟਫਾਰਮਾਂ ’ਤੇ ਪ੍ਰਸਾਰਿਤ ਉਨ੍ਹਾਂ ਰਿਪੋਰਟਾਂ ਨੂੰ ਵੀ ਖ਼ਾਰਜ ਕੀਤਾ ਗਿਆ ਹੈ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ’ਚ ਊਧਮਪੁਰ ਏਅਰਬੇਸ ਨੂੰ ਨਸ਼ਟ ਕਰ ਦਿੱਤਾ ਹੈ। ਪੀਬੀਆਈ ਫੈਕਟ ਚੈੱਕ ਯੂਨਿਟ ਨੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਅਤੇ ਕਿਹਾ ਕਿ ਊਧਮਪੁਰ ਏਅਰਬੇਸ ਚੱਲ ਰਿਹਾ ਹੈ।

ਪੀਆਈਬੀ ਫੈਕਟ ਚੈਕ ਯੂਨਿਟ ਨੇ ਇਹ ਵੀ ਦੱਸਿਆ ਕਿ ਭਾਰਤ ਖ਼ਿਲਾਫ਼ ਗਲਤ ਸੂਚਨਾਵਾਂ ’ਚ ਵਾਧਾ ਹੋ ਰਿਹਾ ਹੈ, ਜੋ ਮੁੱਖ ਤੌਰ 'ਤੇ ਪਾਕਿਸਤਾਨੀ ਮੀਡੀਆ ਤੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਰਾਹੀਂ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ। ਪੀਆਈਬੀ ਨੇ ਇਸ ਗਲਤ ਸੂਚਨਾ ਮੁਹਿੰਮ ਨੂੰ ਮਨੋਵਿਗਿਆਨਕ ਯੁੱਧ ਦਾ ਰੂਪ ਦੱਸਿਆ, ਜਿਸ ਦਾ ਟੀਚਾ ਭਾਰਤੀ ਨਾਗਰਿਕਾਂ ’ਚ ਦਹਿਸ਼ਤ ਅਤੇ ਭਰਮ ਫੈਲਾਉਣਾ ਹੈ। ਪੀਆਈਬੀ ਨੇ ਉਨ੍ਹਾਂ ਦਾਅਵਿਆਂ ਦਾ ਵੀ ਖੰਡਨ ਕੀਤਾ ਕਿ ਭਾਰਤ ਦੇ ਪਾਵਰ ਗ੍ਰਿੱਡ ਨੂੰ ਪਾਕਿਸਤਾਨ ਵੱਲੋਂ ਸਾਈਬਰ ਹਮਲੇ ’ਚ ਨਸ਼ਟ ਕਰ ਦਿੱਤਾ ਗਿਆ ਹੈ ਤੇ ਮੁੰਬਈ-ਦਿੱਲੀ ਹਵਾਈ ਮਾਰਗ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਪੀਆਈਬੀ ਦੀ ਫੈਕਟ-ਚੈਕਿੰਗ ਟੀਮ ਨੇ ਪਿਛਲੇ ਤਿੰਨ ਦਿਨਾਂ ਵਿਚ 20 ਤੋਂ ਵੱਧ ਝੂਠੇ ਦਾਵਿਆਂ ਦਾ ਖੰਡਨ ਕੀਤਾ ਹੈ।
  ਖਾਸ ਖਬਰਾਂ