View Details << Back

ਭਾਰਤ 2027 ’ਚ ਲਾਂਚ ਕਰੇਗਾ ਚੰਦਰਯਾਨ-4 ਮਿਸ਼ਨ, ਧਰਤੀ ’ਤੇ ਲਿਆਏਗਾ ਚੰਦਰਮਾ ਦੀ ਸਤ੍ਹਾ ਤੋਂ ਚੱਟਾਨਾਂ ਦੇ ਨਮੂਨੇ

   ਵਿਗਿਆਨ ਤੇ ਤਨਕੀਕੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਸਾਲ 2027 ’ਚ ਚੰਦਰਯਾਨ-4 ਮਿਸ਼ਨ ਨੂੰ ਲਾਂਚ ਕਰੇਗਾ, ਜਿਸ ਦਾ ਟੀਚਾ ਚੰਦਰਮਾ ਦੀ ਸਤ੍ਹਾ ਤੋਂ ਚੱਟਾਨਾਂ ਦੇ ਨਮੂਨੇ ਇਕੱਠੇ ਕਰ ਕੇ ਧਰਤੀ ’ਤੇ ਲਿਆਉਣਾ ਹੈ। ਚੰਦਰਯਾਨ-4 ਮਿਸ਼ਨ ਦੇ ਤਹਿਤ ਦੋ ਵੱਖ-ਵੱਖ ਲਾਂਚ ਕੀਤੇ ਜਾਣਗੇ, ਜਿਨ੍ਹਾਂ ’ਚ ਬਹੁਤ ਵੱਧ ਭਾਰ ਲਿਜਾਣ ਵਾਲੇ ਲਾਂਚ ਯਾਨ (ਐੱਲਵੀਐੱਮ-3) ਰਾਹੀਂ ਮਿਸ਼ਨ ਦੇ ਪੰਜ ਉਪਕਰਣਾਂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਨੂੰ ਪੁਲਾੜ ’ਚ ਇਕ-ਦੂਜੇ ਨਾਲ ਜੋੜਿਆ ਜਾਵੇਗਾ। ਸਿੰਘ ਨੇ ਇਕ ਇੰਟਰਵਿਊ ’ਚ ਕਿਹਾ, ਚੰਦਰਯਾਨ-ਮਿਸ਼ਨ ਦਾ ਟੀਚਾ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਇਕੱਠੇ ਕਰਨਾ ਤੇ ਉਨ੍ਹਾਂ ਨੂੰ ਧਰਤੀ ’ਤੇ ਲਿਜਾਣਾ ਹੈ। ਇਸ ਤੋਂ ਇਲਾਵਾ ਗਗਨਯਾਨ ਨੂੰ ਅਗਲੇ ਸਾਲ ਪੁਲਾੜ ’ਚ ਭੇਜਿਆ ਜਾਵੇਗਾ। ਮਿਸ਼ਨ ਦੇ ਅੰਤਰਗਤ ਭਾਰਤੀ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਹੇਠਲੇ ਪੰਧ ’ਚ ਭੇਜਿਆ ਜਾਵੇਗਾ ਤੇ ਸੁਰੱਖਿਅਤ ਰੂਪ ਨਾਲ ਧਰਤੀ ’ਤੇ ਵਾਪਸ ਲਿਆਂਦਾ ਜਾਵੇਗਾ।


ਉਨ੍ਹਾਂ ਨੇ ਕਿਹਾ ਕਿ ਸਮੁੰਦਰ ਦੀ ਸਤ੍ਹਾ ਦੀ ਜਾਂਚ ਕਰਨ ਲਈ 2026 ’ਚ ਭਾਰਤ ਸਮੁੰਦਰਯਾਨ ਲਾਂਚ ਕਰੇਗਾ, ਜਿਸ ’ਚ ਤਿੰਨ ਵਿਗਿਆਨੀਆਂ ਨੂੰ ਖ਼ਾਸ ਪਣਡੁੱਬੀ ਰਾਹੀਂ ਮਹਾਸਾਗਰ ਦੀ 6000 ਮੀਟਰ ਗਹਿਰਾਈ ਤੱਕ ਭੇਜਿਆ ਜਾਵੇਗਾ। ਇਹ ਉਪਲੱਬਧੀ ਭਾਰਤ ਦੇ ਹੋਰ ਮੁੱਖ ਮਿਸ਼ਨਾਂ ਦੀ ਤਰਜ਼ ’ਤੇ ਹੋਵੇਗੀ ਤੇ ਇਹ ਵਿਗਿਆਨਕ ਉੱਤਮਤਾ ਵੱਲ ਦੇਸ਼ ਦੀ ਯਾਤਰਾ ’ਚ ਇਕ ਹੋਰ ਮਹੱਤਵਪੂਰਨ ਕਦਮ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ’ਤੇ ਆਪਣੇ ਭਾਸ਼ਣ ’ਚ ਸਮੁੰਦਰਯਾਨ ਮਿਸ਼ਨ ਦਾ ਜ਼ਿਕਰ ਕੀਤਾ ਸੀ। ਸਮੁੰਦਰਯਾਨ ਮਿਸ਼ਨ ਮਹੱਤਵਪੂਰਨ ਖਨਿਜ, ਦੁਰਲਭ ਧਾਤੂਆਂ ਤੇ ਅਗਿਆਤ ਸਮੁੰਦਰੀ ਜੈਵ ਵਿਭਿੰਨਤਾ ਲੱਭਣ ’ਚ ਮਦਦ ਕਰੇਗਾ ਤੇ ਦੇਸ਼ ਦੀ ਆਰਥਕ ਤਰੱਕੀ ਤੇ ਵਾਤਾਵਰਣ ਸਥਿਰਤਾ ਲਈ ਮਹੱਤਵਪੂਰਨ ਸਾਬਤ ਹੋਵੇਗਾ। ਗਗਨਯਾਨ ਮਿਸ਼ਨ ਦੇ ਤਹਿਤ ਰੋਬੋਟ ‘ਵਯੋਮਮਿੱਤਰ’ ਨੂੰ ਇਸ ਸਾਲ ਪੁਲਾੜ ’ਚ ਭੇਜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਇਸਰੋ ਦੀ ਸਥਾਪਨਾ ਤਾਂ 1969 ’ਚ ਹੋਈ ਸੀ, ਪਰ ਪਹਿਲਾ ਲਾਂਚ ਸਥਾਨ 1993 ’ਚ ਸਥਾਪਿਤ ਕਰਨ ’ਚ ਦੋ ਦਹਾਕੇ ਤੋਂ ਵੱਧ ਦਾ ਸਮਾਂ ਲੱਗਾ। ਦੂਜਾ ਲਾਂਚ ਸਥਾਨ 2004 ’ਚ ਸਥਾਪਿਤ ਕੀਤਾ ਗਿਆ। ਇਸ ’ਚ ਵੀ ਇਕ ਦਹਾਕੇ ਦਾ ਫ਼ਰਕ ਰਿਹਾ। ਪਿਛਲੇ 10 ਸਾਲਾਂ ’ਚ ਭਾਰਤ ਨੇ ਪੁਲਾੜ ਦੇ ਖੇਤਰ ’ਚ ਸ਼ਾਨਦਾਰ ਵਿਕਾਸ ਕੀਤਾ ਹੈ। ਸਿੰਘ ਨੇ ਕਿਹਾ ਕਿ ਅਸੀਂ ਹੁਣ ਤੀਜਾ ਲਾਂਚ ਸਥਾਨ ਬਣਾ ਰਹੇ ਹਾਂ। ਭਾਰਤੀ ਰਾਕਟ ਅ•ਤੇ ਛੋਟੇ ਉਪਗ੍ਰਿਹਾਂ ਨੂੰ ਲਾਂਚ ਕਰਨ ਲਈ ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲ੍ਹੇ ’ਚ ਇਕ ਨਵਾਂ ਲਾਂਚ ਸਥਾਨ ਤਿਆਰ ਕਰਨ ਦੇ ਨਾਲ ਸ਼੍ਰੀਹਰੀਕੋਟਾ ਤੋਂ ਅੱਗੇ ਵੀ ਵਿਸਥਾਰ ਕਰ ਰਹੇ ਹਾਂ।
  ਖਾਸ ਖਬਰਾਂ