View Details << Back

Delhi Election 2025: 'ਭਾਜਪਾ ਨੇ ਪੰਜਾਬੀਆਂ ਦਾ ਅਪਮਾਨ ਕੀਤਾ', ਕੇਜਰੀਵਾਲ ਬੋਲੇ - ਅਮਿਤ ਸ਼ਾਹ ਨੂੰ ਮੰਗਣੀ ਚਾਹੀਦੀ ਮੁਆਫ਼ੀ

  ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਵਿਚ ਭਾਜਪਾ 'ਤੇ ਹਮਲਾ ਬੋਲਿਆ। ਕਾਲਕਾਜੀ ਸੀਟ ਤੋਂ ਚੋਣ ਲੜ ਰਹੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ, ‘ਬਿਧੂਰੀ ਦੇ ਲੋਕ ਵਿਧਾਨ ਸਭਾ ਹਲਕੇ ਦੇ ਹਰ ਖੇਤਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਪ੍ਰਚਾਰ ਸਮੱਗਰੀ ਖੋਹ ਰਹੇ ਹਨ ਤੇ ਸਾੜ ਰਹੇ ਹਨ। ਅਜਿਹੀਆਂ ਘਟਨਾਵਾਂ ਸਾਰੇ ਖੇਤਰਾਂ ਵਿਚ ਵਾਪਰ ਰਹੀਆਂ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।’

ਫ਼ੋਨ 'ਤੇ 'ਆਪ' ਅਧਿਕਾਰੀ ਨੂੰ ਧਮਕੀ ਦੇ ਰਿਹਾ ਬਿਧੂੜੀ - ਆਤਿਸ਼ੀ
ਆਤਿਸ਼ੀ ਨੇ ਇਹ ਵੀ ਦੋਸ਼ ਲਗਾਇਆ ਕਿ ਰਮੇਸ਼ ਬਿਧੂੜੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੂੰ ਫ਼ੋਨ 'ਤੇ ਧਮਕੀਆਂ ਦੇ ਰਿਹਾ ਹੈ ਤੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਕਹਿ ਰਿਹਾ ਹੈ। ਆਤਿਸ਼ੀ ਨੇ ਕਿਹਾ, ‘ਹਲਕੇ ਵਿਚ ਭਾਜਪਾ ਉਮੀਦਵਾਰ ਵੱਲੋਂ ਜਿਸ ਤਰ੍ਹਾਂ ਮਾਹੌਲ ਬਣਾਇਆ ਜਾ ਰਿਹਾ ਹੈ, ਉਸ ਬਾਰੇ ਅੱਜ ਮੈਂ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਣ ਜਾ ਰਹੀ ਹਾਂ ਤੇ ਭਾਜਪਾ ਉਮੀਦਵਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਾਂਗੀ।’

ਦਿੱਲੀ ’ਚ ਗੁੰਡਾਗਰਦੀ ਕਰ ਰਹੀ ਭਾਜਪਾ - ਕੇਜਰੀਵਾਲ
ਇਸ ਸਬੰਧ ਵਿਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਕਿਸੇ ਵੀ ਰਾਜਨੀਤਿਕ ਪਾਰਟੀ ਦਾ ਉਮੀਦਵਾਰ ਉਦੋਂ ਹਿੰਸਾ ਦਾ ਸਹਾਰਾ ਲੈਂਦਾ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਉਹ ਬੁਰੀ ਤਰ੍ਹਾਂ ਹਾਰ ਰਿਹਾ ਹੈ ਅਤੇ ਜਨਤਾ ਉਸ ਦੀ ਗੱਲ ਨਹੀਂ ਸੁਣ ਰਹੀ। ਭਾਜਪਾ ਵੀ ਦਿੱਲੀ ਵਿਚ ਇਹੀ ਕਰ ਰਹੀ ਹੈ ਤੇ ਜਨਤਾ ਸਭ ਦੇਖ ਰਹੀ ਹੈ।’ ਭਾਜਪਾ ਦਿੱਲੀ ਵਿਚ ਗੁੰਡਾਗਰਦੀ ਕਰ ਰਹੀ ਹੈ। ਉਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੁਰੱਖਿਆ ਮਿਲ ਰਹੀ ਹੈ। ਦਿੱਲੀ ਵਿਚ ਕਾਨੂੰਨ ਵਿਵਸਥਾ ਤੋਂ ਪੁਲਿਸ ਨੂੰ ਹਟਾ ਦਿੱਤਾ ਗਿਆ ਹੈ। 'ਆਪ' ਕਨਵੀਨਰ ਨੇ ਕਿਹਾ, ‘ਦਿੱਲੀ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਭਾਜਪਾ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ।’ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਮੈਂ ਕੁਝ ਪੁਲਿਸ ਥਾਣਿਆਂ ਦੇ ਮੁਖੀਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤੋਂ ਸਿੱਧੇ ਸੁਨੇਹੇ ਮਿਲ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਕਿੱਥੇ-ਕਿੱਥੇ ਮੀਟਿੰਗਾਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਭਾਜਪਾ ਨੂੰ ਤਿੰਨ ਸੀਟਾਂ ਵੀ ਨਹੀਂ ਮਿਲਣਗੀਆਂ - 'ਆਪ'
ਉਨ੍ਹਾਂ ਅੱਗੇ ਕਿਹਾ, ‘ਭਾਜਪਾ ਜਿੰਨੀ ਜ਼ਿਆਦਾ ਗੁੰਡਾਗਰਦੀ ਕਰ ਰਹੀ ਹੈ, ਉਨ੍ਹਾਂ ਦੀਆਂ ਵੋਟਾਂ ਓਨੀਆਂ ਹੀ ਘੱਟ ਹੋਣਗੀਆਂ। 2015 ਵਿਚ ਉਨ੍ਹਾਂ ਨੇ ਜਿਹੜੀਆਂ ਤਿੰਨ ਸੀਟਾਂ ਜਿੱਤੀਆਂ ਸਨ, ਉਹ ਵੀ ਨਹੀਂ ਮਿਲਣਗੀਆਂ। ਜਿਨ੍ਹਾਂ ਲੋਕਾਂ ਵਿਰੁੱਧ ਆਤਿਸ਼ੀ ਨੇ ਗੱਲ ਕੀਤੀ ਹੈ, ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’ ਚੋਣਾਂ ਤਕ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਣਾ ਚਾਹੀਦਾ ਹੈ।

ਦਿੱਲੀ ’ਚ ਪੰਜਾਬ ਦੀਆਂ ਗੱਡੀਆਂ ਘੁੰਮਣ ਦੇ ਦੋਸ਼ਾਂ 'ਤੇ ਕੇਜਰੀਵਾਲ ਨੇ ਕੀ ਕਿਹਾ?
ਕੇਜਰੀਵਾਲ ਨੇ ਭਾਜਪਾ ਨੇਤਾ ਪ੍ਰਵੇਸ਼ ਵਰਮਾ ਦੇ ਇਸ ਦੋਸ਼ 'ਤੇ ਵੀ ਪ੍ਰਤੀਕਿਰਿਆ ਦਿੱਤੀ ਕਿ ਪੰਜਾਬ ਤੋਂ ਗੱਡੀਆਂ ਦਿੱਲੀ ਵਿਚ ਘੁੰਮ ਰਹੀਆਂ ਹਨ। ਉਨ੍ਹਾਂ ਕਿਹਾ, ‘ਭਾਜਪਾ ਦੇ ਨਵੀਂ ਦਿੱਲੀ ਤੋਂ ਉਮੀਦਵਾਰ ਪਰਵੇਸ਼ ਵਰਮਾ ਵੱਲੋਂ ਪੰਜਾਬੀਆਂ 'ਤੇ ਲਗਾਏ ਗਏ ਦੋਸ਼ ਬਹੁਤ ਨਿੰਦਣਯੋਗ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕੀ ਉਹ ਪੰਜਾਬ ਦੇ ਲੋਕਾਂ ਤੋਂ ਡਰਦਾ ਹੈ, ਕੀ ਸਾਰੇ ਪੰਜਾਬੀ ਅੱਤਵਾਦੀ ਹਨ। ਪੰਜਾਬੀਆਂ ਨੇ ਦਿੱਲੀ ਬਣਾਈ ਹੈ, ਦਿੱਲੀ ਦਾ ਵਿਕਾਸ ਕੀਤਾ ਹੈ। ਉਹ ਕਿਵੇਂ ਪੰਜਾਬੀਆਂ ਖ਼ਿਲਾਫ਼ ਬਿਆਨ ਦੇ ਸਕਦਾ ਹੈ? ਕੇਜਰੀਵਾਲ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਵਿਚ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
  ਖਾਸ ਖਬਰਾਂ