View Details << Back

75 ਸਾਲ ’ਚ 23ਵੀਂ ਵਾਰ ਆਈਐੱਮਐੱਫ ਦੀ ਸ਼ਰਨ ’ਚ ਪੁੱਜਾ ਪਾਕਿਸਤਾਨ, ਵਿਆਜ ਦਰ ’ਚ 200 ਆਧਾਰ ਅੰਕਾਂ ਦਾ ਵਾਧਾ

  ਇਸਲਾਮਾਬਾਦ : ਆਰਥਿਕ ਬਦਹਾਲੀ ਵਿਚੋਂ ਲੰਘ ਰਹੇ ਪਾਕਿਸਤਾਨ ਨੇ ਕੌਮਾਂਤਰੀ ਮੁਦਰਾ ਕੋਸ਼ ਦੀ ਇਕ ਹੋਰ ਸ਼ਰਤ ਮੰਨ ਲਈ ਹੈ। 6.5 ਅਰਬ ਡਾਲਰ ਦੇ ਬੇਲਆਊਟ ਪੈਕੇਜ ਤਹਿਤ 1.1 ਅਰਬ ਡਾਲਰ ਜਾਰੀ ਕਰਾਉਣ ਲਈ ਪਾਕਿਸਤਾਨ ਸਰਕਾਰ ਨੀਤੀਗਤ ਵਿਆਜ ਦਰ ਵਿਚ 200 ਆਧਾਰ ਅੰਕਾਂ ਦਾ ਵਾਧਾ ਕਰਨ ਲਈ ਸਹਿਮਤ ਹੋ ਗਈ ਹੈ। ਆਟਾ-ਦਾਲ ਲਈ ਜੂਝ ਰਹੇ ਲੋਕਾਂ ਨੂੰ ਹੁਣ ਵਿਆਜ ਦਰ ਵਿਚ ਹੋਣ ਵਾਲੇ ਇਸ ਵਾਧੇ ਦੀ ਮਾਰ ਵੀ ਝੱਲਣੀ ਪਵੇਗੀ।

1958 ਤੋਂ ਹੀ ਆਈਐੱਮਐੱਫ ਬੇਲਆਊਟ ਪੈਕੇਜ ਦੇ ਆਦੀ ਹੋ ਚੁੱਕੇ ਪਾਕਿਸਤਾਨ ਦੇ ਕੋਲ ਕੌਮਾਂਤਰੀ ਏਜੰਸੀ ਦੀਆਂ ਸ਼ਰਤਾਂ ਮੰਨਣ ਤੋਂ ਇਲਾਵਾ ਹੋਰ ਕਈ ਦੂਜਾ ਰਸਤਾ ਨਹੀਂ ਬਚਿਆ ਸੀ। ਆਜ਼ਾਦੀ ਦੇ 75 ਸਾਲਾਂ ਦੇ ਦੌਰਾਨ ਪਾਕਿਸਤਾਨ ਬੇਲਆਊਟ ਪੈਕੇਜ ਲਈ 23ਵੀਂ ਵਾਰ ਆਈਐੱਮਐੱਫ ਨੂੰ ਅਪੀਲ ਕਰ ਚੁੱਕਾ ਹੈ। ਸਟੇਟ ਬੈਂਕ ਆਫ ਪਾਕਿਸਤਾਨ (ਪੀਐੱਸਬੀ) ਦੇ ਸਾਬਕਾ ਡਿਪਟੀ ਗਵਰਨਰ ਮੁਰਤਜਾ ਸਯੱਦ ਨੇ ਕਿਹਾ ਕਿ ਗੁਆਂਢੀ ਦੇਸ਼ ਭਾਰਤ ਸਿਰਫ਼ ਸੱਤ ਵਾਰ ਹੀ ਫੰਡ ਲਈ ਆਈਐੱਮਐੱਫ ਕੋਲ ਗਿਆ ਹੈ ਅਤੇ 1991 ਦੇ ਇਤਿਹਾਸਕ ਮਨਮੋਹਨ-ਰਾਓ ਸੁਧਾਰਾਂ ਤੋਂ ਬਾਅਦ ਤਾਂ ਕਦੀ ਨਹੀਂ ਗਿਆ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਤਿੰਨ ਅਰਬ ਡਾਲਰ ਤੋਂ ਵੀ ਘੱਟ ਰਹਿ ਗਿਆ ਹੈ। ਪੀਐੱਮ ਸ਼ਾਹਬਾਜ਼ ਸ਼ਰੀਫ਼ ਨੇ ਖ਼ਰਚ ਬਚਾਉਣ ਦੇ ਉਪਾਵਾਂ ਤਹਿਤ ਵਿਦੇਸ਼ ਮੰਤਰਾਲੇ ਨੂੰ ਵਿਦੇਸ਼ੀ ਮਿਸ਼ਨਾਂ ਦੀ ਗਿਣਤੀ ਵਿਚ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ ਹੈ।

ਡਾਲਰ ਦੀ ਘਾਟ ਦੇ ਕਾਰਨ ਦਰਾਮਦ ਰੁਕੇ ਰਹਿਣ ਨਾਲ ਦੇਸ਼ ਵਿਚ ਦਵਾਈਆਂ ਦੀ ਕਿੱਲਤ ਹੈ ਅਤੇ ਹਸਪਤਾਲਾਂ ਵਿਚ ਡਾਕਟਰ ਸਰਜਰੀ ਤੋਂ ਬਚ ਰਹੇ ਹਨ। ਡਾਇਬਟੀਜ਼ ਦੇ ਮਰੀਜ਼ਾਂ ਲਈ ਜ਼ਰੂਰੀ ਇੰਸੁਲੀਨ ਦੇ ਅਕਾਲ ਦੇ ਨਾਲ ਹੀ ਰੋਗੀਆਂ ਨੂੰ ਲੋੜੀਂਦੀਆਂ ਦਵਾਈਆਂ ਨਹੀਂ ਮਿਲ ਰਹੀਆਂ ਹਨ। ਲੋਕਾਂ ਦੀ ਜਾਨ ਆਟੇ ਦੀ ਬੋਰੀ ਤੋਂ ਵੀ ਸਸਤੀ ਹੋ ਗਈ ਹੈ। ਉਸ ਨੂੰ 95 ਫ਼ੀਸਦੀ ਦਵਾਈਆਂ ਲਈ ਭਾਰਤ ਅਤੇ ਚੀਨ ਸਣੇ ਦੂਜੇ ਦੇਸ਼ਾਂ ਤੋਂ ਕੱਚੇ ਮਾਲ ਦੀ ਦਰਾਮਦ ਕਰਨੀ ਪੈਂਦੀ ਹੈ।

2013 ਵਿਚ ਸ਼ੁਰੂ ਹੋਏ ਚੀਨ-ਪਾਕਿਸਤਾਨ ਆਰਥਿਕ ਲਾਂਘਾ (ਸੀਪੀਈਸੀ) ’ਤੇ ਹਾਲੇ ਤਕ 62 ਲੱਖ ਡਾਲਰ ਖ਼ਰਚ ਹੋ ਚੁੱਕੇ ਹਨ ਪਰ ਪਾਕਿ ਪੁਰਾਣੇ ਕਰਜ਼ ਚੁਕਾਉਣ ਨੂੰ ਦੂਜੇ ਕਰਜ਼ ਲਈ ਇੱਧਰ-ਉੱਧਰ ਭਟਕ ਰਿਹਾ ਹੈ। ਪਾਕਿਸਤਾਨੀ ਪਰਮਾਣੂ ਵਿਗਿਆਨੀ ਅਤੇ ਕਾਰਕੁੰਨ ਪਰਵੇਜ਼ ਹੁਡਭਾਇ ਨੇ ਲਿਖਿਆ ਹੈ ਕਿ ਪਾਕਿ-ਚੀਨ ਦੀ ਦੋਸਤੀ ਤਣਾਅ ਵਿਚ ਹੈ। ਪਾਕਿਸਤਾਨ ਲਈ ਮਾਰਸ਼ਲ ਯੋਜਨਾ ਦੇ ਰੂਪ ਵਿਚ ਸੀਪੀਈਸੀ ਬਕਵਾਸ ਹੈ।
  ਖਾਸ ਖਬਰਾਂ