View Details << Back    

Red Fort blast: ਸੁਰੱਖਿਆ ਏਜੰਸੀਆਂ ਦੇ ਹੱਥ ਲੱਗੀਆਂ ਮਸ਼ਕੂਕਾਂ ਦੀਆਂ ਡਾਇਰੀਆਂ

  
  
Share
  ਸੁਰੱਖਿਆ ਏਜੰਸੀਆਂ ਨੇ ਦਿੱਲੀ ਧਮਾਕੇ ਦੇ ਮੁੱਖ ਮਸ਼ਕੂਕਾਂ ਡਾਕਟਰ ਉਮਰ ਨਬੀ ਅਤੇ ਡਾਕਟਰ ਮੁਜ਼ੱਮਿਲ ਗਨਈ ਦੀਆਂ ਡਾਇਰੀਆਂ ਬਰਾਮਦ ਕੀਤੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਹਮਲੇ ਦੀ ਯੋਜਨਾ 8 ਤੋਂ 12 ਨਵੰਬਰ ਦਰਮਿਆਨ ਘੜੀ ਗਈ ਸੀ। ਖ਼ਬਰ ਏਜੰਸੀ ANI ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਡਾਇਰੀਆਂ ਵਿੱਚ ਕਥਿਤ ਤੌਰ ’ਤੇ ਕਰੀਬ 25 ਵਿਅਕਤੀਆਂ ਦੇ ਨਾਮ ਹਨ, ਜਿਨ੍ਹਾਂ ਵਿੱਚੋਂ ਬਹੁਤੇ ਜੰਮੂ-ਕਸ਼ਮੀਰ ਅਤੇ ਫਰੀਦਾਬਾਦ ਤੋਂ ਹਨ। ਡਾਇਰੀਆਂ ਵਿਚਲੀ ਜਾਣਕਾਰੀ ਇਹੀ ਸੁਝਾਅ ਦਿੰਦੀ ਹੈ ਕਿ ਧਮਾਕਾ ਇੱਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸੀ। ਇਹ ਦਸਤਾਵੇਜ਼ ਮੰਗਲਵਾਰ ਅਤੇ ਬੁੱਧਵਾਰ ਨੂੰ ਡਾਕਟਰ ਉਮਰ ਨਬੀ ਦੇ ਕਮਰੇ (ਨੰਬਰ 4) ਅਤੇ ਡਾਕਟਰ ਮੁਜ਼ੱਮਿਲ ਗਨਈ ਦੇ ਕਮਰੇ (ਨੰਬਰ 13) ਤੋਂ ਬਰਾਮਦ ਕੀਤੇ ਗਏ ਸਨ। ਤਫ਼ਤੀਸ਼ੀ ਅਧਿਕਾਰੀਆਂ ਨੂੰ ਮੁਜ਼ੱਮਿਲ ਦੇ ਕਮਰੇ ਵਿੱਚੋਂ ਇੱਕ ਡਾਇਰੀ ਵੀ ਮਿਲੀ, ਇਹ ਉਹੀ ਜਗ੍ਹਾ ਹੈ ਜਿੱਥੇ ਫਰੀਦਾਬਾਦ ਦੇ ਧੌਜ ਪਿੰਡ ਵਿੱਚ 360 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤੇ ਗਏ ਸਨ, ਅਤੇ ਜੋ ਅਲ-ਫਲਾਹ ਯੂਨੀਵਰਸਿਟੀ ਤੋਂ ਸਿਰਫ 300 ਮੀਟਰ ਦੀ ਦੂਰੀ ’ਤੇ ਹੈ। ਬਰਾਮਦ ਕੀਤੀਆਂ ਗਈਆਂ ਡਾਇਰੀਆਂ ਵਿੱਚ ਕੋਡ ਸ਼ਬਦ ਸਨ, ਜਿਨ੍ਹਾਂ ਨੂੰ ਤਫ਼ਤੀਸ਼ਕਾਰ ਹੁਣ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਏਜੰਸੀਆਂ ਇਹ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਧਮਾਕਿਆਂ ਨੂੰ ਅੰਜਾਮ ਦੇਣ ਲਈ ਵੱਖ-ਵੱਖ ਵਾਹਨ ਤਿਆਰ ਕੀਤੇ ਜਾ ਰਹੇ ਸਨ। ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਇੱਕ ਸਫੇਦ ਹੁੰਡਈ ਆਈ20 ਵਿੱਚ ਧਮਾਕਾ ਹੋਇਆ, ਜਿਸ ਵਿੱਚ 13 ਲੋਕ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ। ਤਫ਼ਤੀਸ਼ਕਾਰਾਂ ਨੇ ਬਾਅਦ ਵਿੱਚ ਫਰੀਦਾਬਾਦ ਵਿੱਚ ਇੱਕ ਦੂਜੀ ਗੱਡੀ ਲਾਲ ਫੋਰਡ ਈਕੋਸਪੋਰਟ ਦਾ ਪਤਾ ਲਗਾਇਆ। ਹਾਲਾਂਕਿ ਇੱਕ ਤੀਜੀ ਕਾਰ, ਜਿਸ ਦੇ ਮਾਰੂਤੀ ਬ੍ਰੇਜ਼ਾ ਹੋਣ ਦਾ ਸ਼ੱਕ ਹੈ, ਅਜੇ ਤੱਕ ਅਣਪਛਾਤੀ ਹੈ।
  LATEST UPDATES