View Details << Back    

ਖ਼ਾਲਿਸਤਾਨੀ ਅੱਤਵਾਦ ਨਾਲ ਨਜਿੱਠਣ ਤੱਕ ਸਿਆਸਤਦਾਨਾਂ ਨੂੰ ਮੰਦਰਾਂ ਦਾ ਇਸਤੇਮਾਲ ਨਹੀਂ ਕਰਨ ਦੇਵਾਂਗੇ : ਹਿੰਦੂ ਸੰਗਠਨ

  
  
Share
  ਓਟਾਵਾ: ਕੈਨੇਡਾ ’ਚ ਖ਼ਾਲਿਸਤਾਨ ਹਮਾਇਤੀਆਂ ਵਲੋਂ ਹਿੰਦੂਆਂ ਤੇ ਮੰਦਰਾਂ ’ਤੇ ਕੀਤੇ ਜਾਣ ਵਾਲੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਘਟਨਾ ਐਤਵਾਰ ਨੂੰ ਬਰੈਂਪਟਨ ਸ਼ਹਿਰ ’ਚ ਹੋਈ। ਹਿੰਦੂ ਸਭਾ ਮੰਦਰ ਦੇ ਸਾਹਮਣੇ ਖ਼ਾਲਿਸਤਾਨੀ ਕੱਟੜਪੰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਕੁਝ ਹੀ ਸਮੇਂ ’ਚ ਇਹ ਹਿੰਸਕ ਪ੍ਰਦਰਸ਼ਨ ਵਿਚ ਬਦਲ ਗਿਆ•। ਪ੍ਰਦਰਸ਼ਨਕਾਰੀ ਜ਼ਬਰਦਸਤੀ ਕੰਪਲੈਕਸ ’ਚ ਵੜ ਗਏ ਤੇ ਮੰਦਰ ਪ੍ਰਸ਼ਾਸਨ ਦੇ ਮੈਂਬਰਾਂ ਤੇ ਸ਼ਰਧਾਲੂਆਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਔਰਤਾਂ ਤੇ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਿਆ। ਇਹੀ ਨਹੀਂ, ਖ਼ਾਲਿਸਤਾਨ ਹਮਾਇਤੀਆਂ ਨੇ ਮੰਦਰ ਕੰਪਲੈਕਸ ਦੇ ਨਜ਼ਦੀਕ ਮੰਦਰ ਪ੍ਰਸ਼ਾਸਨ ਤੇ ਭਾਰਤੀ ਹਾਈ ਕਮਿਸ਼ਨ ਵਲੋਂ ਮਿਲ ਕੇ ਲਗਾਏ ਗਏ ਵੀਜ਼ਾ ਕੈਂਪ ਨੂੰ ਵੀ ਨਿਸ਼ਾਨਾ ਬਣਾਇਆ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਮੰਦਰ ’ਚ ਹਿੰਸਾ ਮਨਜ਼ੂਰ ਨਹੀਂ ਹੈ। ਉੱਧਰ, ਭਾਰਤ ਨੇ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹੋਏ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਿਹੜੇ ਵੀਡੀਓ ਸਾਹਮਣੇ ਆ ਰਹੇ ਹਨ, ਉਨ੍ਹਾਂ ’ਚ ਸਾਫ਼ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਮੰਦਰ ਦੇ ਸਾਹਮਣੇ ਪਹਿਲਾਂ ਖ਼ਾਲਿਸਤਾਨੀ ਕੱਟੜਪੰਥੀਆਂ ਦੀ ਟੋਲੀ ਗੱਡੀਆਂ ’ਚ ਆਈਆਂ। ਖ਼ਾਲਿਸਤਾਨੀ ਝੰਡਿਆਂ ਨਾਲ ਉਨ੍ਹਾਂ ਉੱਥੇ ਇਕੱਠੇ ਹੋਏ ਸ਼ਰਧਾਲੂਆਂ ਨਾਲ ਮਾਰਕੁੱਟ ਕੀਤੀ। ਪੁਲਿਸ ਮੁਲਾਜ਼ਮਾਂ ਨੂੰ ਹਾਲਾਤ ਸ਼ਾਂਤ ਕਰਾਉਂਦਿਆਂ ਦੇਖਿਆ ਗਿਆ। ਪੀਲ ਖੇਤਰੀ ਪੁਲਿਸ ਨੇ ਕਿਹਾ ਕਿ ਉਸਨੂੰ ਹਿੰਦੂ ਸਭਾ ਮੰਦਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਸੀ। ਇਸੇ ਤਹਿਤ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਮੰਦਰ ਕੰਪਲੈਕਸ ’ਚ ਪੁਲਿਸ ਦਸਤਿਆਂ ਦੀ ਮੌਜੂਦਗੀ ਵਧਾਈ ਗਈ। ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਣ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਦਾ ਸਨਮਾਨ ਕਰਦੇ ਹਾਂ ਪਰ ਹਿੰਸਾ ਤੇ ਅਪਰਾਧਕ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਏਗੀ। ਘਟਨਾ ਤੋਂ ਬਾਅਦ ਮੰਦਰ ਕੰਪਲੈਕਸ ਦੇ ਆਸਪਾਸ ਜ਼ਿਆਦਾ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਪੀਲ ਖੇਤਰੀ ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਰਧਾਲੂਆਂ ’ਤੇ ਹਮਲਿਆਂ ਤੋਂ ਬਾਅਦ ਹਿੰਦੂਆਂ ਦੇ ਗੱਠਜੋ਼ੜ ਵਲੋਂ ਕਰਾਏ ਇਕ ਪ੍ਰਦਰਸ਼ਨ ਦੇ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਲ ਖੇਤਰੀ ਪੁਲਿਸ ਨੇ ਕਿਹਾ ਕਿ ਇਸ ਤੋਂ ਬਾਅਦ ਪ੍ਰਦਰਸ਼ਨ ਮਿਸੀਸਾਗਾ ਸ਼ਹਿਰ ਦੇ ਅੰਦਰ ਦੋ ਵੱਖ-ਵੱਖ ਥਾਵਾਂ ’ਤੇ ਕੀਤਾ ਗਿਆ। ਉੱਧਰ, ਭਾਰਤੀ ਹਾਈ ਕਮਿਸ਼ਨ ਵਲੋਂ ਬਿਆਨ ’ਚ ਕਿਹਾ ਗਿਆ ਕਿ ਅਸੀਂ ਤਿੰਨ ਨਵੰਬਰ ਨੂੰ ਟੋਰਾਂਟੋ ਦੇ ਨਜ਼ਦੀਕ ਬਰੈਂਪਟਨ ’ਚ ਹਿੰਦੂ ਸਭਾ ਮੰਦਰ ਨਾਲ ਮਿਲ ਕੇ ਮੰਦਰ ਦੇ ਨਜ਼ਦੀਕ ਕੌਂਸਲ ਕੈਂਪ ਲਗਾਇਆ। ਉੱਥੇ ਭਾਰਤ ਵਿਰੋਧੀ ਅਨਸਰਾਂ ਨੇ ਕੈਂਪ ਨੂੰ ਨਿਸ਼ਾਨਾ ਬਣਾਇਆ। ਦੋ ਤੇ ਤਿੰਨ ਨਵੰਬਰ ਨੂੰ ਵੈਨਕੂਵਰ ਤੇ ਸਰੀ ’ਚ ਹੋਏ ਕੌਂਸਲਰ ਕੈਂਪਾਂ ਦੌਰਾਨ ਵੀ ਖ਼ਾਲਿਸਤਾਨੀ ਹਮਾਇਤੀਆਂ ਨੇ ਰੁਕਾਵਟ ਪਾਈ। ਰੈਗੂਲਰ ਕੌਂਸਲਰ ਕੰਮਾਂ ਲਈ ਇਸ ਤਰ੍ਹਾਂ ਦੀ ਗੜਬੜੀ ਬਹੁਤ ਨਿਰਾਸ਼ਾਜਨਕ ਹੈ। ਅਸੀਂ ਭਾਰਤੀ ਨਾਗਰਿਕਾਂ ਸਮੇਤ ਵੀਜ਼ਾ ਬਿਨੈਕਾਰਾਂ ਦੀ ਸੁਰੱਖਿਆ ਲਈ ਵੀ ਬਹੁਤ ਚਿੰਤਤ ਹਾਂ, ਜਿਨ੍ਹਾਂ ਦੀ ਮੰਗ ’ਤੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਭਾਰਤੀ ਤੇ ਕੈਨੇਡੀਅਨ ਬਿਨੈਕਰਾਂ ਨੂੰ 1,000 ਤੋਂ ਜ਼ਿਆਦਾ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਦੌਰਾਨ ਕੈਨੇਡੀਅਨ ਰਾਸ਼ਟਰੀ ਹਿੰਦੂ ਪ੍ਰੀਸ਼ਦ ਤੇ ਹਿੰਦੂ ਫੈਡਰੇਸ਼ਨ ਨੇ ਹਿੰਦੂ ਸਭਾ ਮੰਦਰ ਪ੍ਰਸ਼ਾਸਨ ਤੇ ਕਈ ਹਿੰਦੂ ਸੰਗਠਨਾਂ ਨਾਲ ਮਿਲ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੈਨੈਡਾ ਭਰ ’ਚ ਹਿੰਦੂ ਮੰਦਰ ਤੇ ਅਦਾਰੇ ਸਿਆਸਤਦਾਨਾਂ ਨੂੰ ਸਿਆਸੀ ਮਕਸਦਾਂ ਲਈ ਮੰਦਰ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਦੀ ਉਸ ਸਮੇਂ ਤੱਕ ਇਜਾਜ਼ਤ ਨਹੀਂ ਦੇਣਗੇ ਜਦੋਂ ਤੱਕ ਉਹ ਦੇਸ਼ ’ਚ ਵਧਦੇ ਖ਼ਾਲਿਸਤਾਨੀ ਅੱਤਵਾਦ ਦੇ ਗੰਭੀਰ ਮੁੱਦੇ ’ਤੇ ਠੋਸ ਕਾਰਵਾਈ ਨਹੀਂ ਕਰਦੇ। ਸੀਐੱਨਸੀਐੱਚ ਨੇ ਕਿਹਾ ਕਿ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ ਦੇ ਕਾਰਜਕਾਲ ’ਚ ਹਿੰਦੂਆਂ ’ਤੇ ਹਮਲੇ ਖ਼ਤਰਨਾਕ ਦਰ ਨਾਲ ਵਧੇ ਹਨ ਤੇ ਦੇਸ਼ ’ਚ ਪੈਦਾ ਧਾਰਮਿਕ ਅਸਹਿਣਸ਼ੀਲਤਾ ਦੇ ਚਿੰਤਾਜਨਕ ਰੁਝਾਨ ਨੂੰ ਦਰਸਾਉਂਦੇ ਹਨ।
  LATEST UPDATES