View Details << Back    

ਪਟਿਆਲਾ ‘ਚ ਸਥਾਪਤ ਹੋਵੇਗਾ ਪੰਜਾਬ ਏਵੀਏਸ਼ਨ ਮਿਊਜ਼ੀਅਮ, ਮੁੱਖ ਮੰਤਰੀ ਨੇ ਦਿੱਤੀ ਪ੍ਰਵਾਨਗੀ, ਸੂਬੇ ਦੇ ਸਦੀ ਪੁਰਾਣੇ ਇਤਿਹਾਸ ਨੂੰ ਦਰਸਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ

  
  
Share
  ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸੂਬੇ ਦੇ ਇਤਿਹਾਸ ਨੂੰ ਦਰਸਾਉਣ ਦੇ ਉਦੇਸ਼ ਨਾਲ ਪਟਿਆਲਾ ਵਿਖੇ ‘ਪੰਜਾਬ ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਇਸ ਸਬੰਧੀ ਫੈਸਲਾ ਪੰਜਾਬ ਰਾਜ ਸਿਵਲ ਏਵੀਏਸ਼ਨ ਕੌਂਸਲ ਦੀ ਤਜਵੀਜ਼ ਉਤੇ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਪੰਜਾਬ ਦਾ ਇਕ ਸਦੀ ਪੁਰਾਣਾ ਇਤਿਹਾਸ ਹੈ, ਜਿਸ ਬਾਰੇ ਸਹੀ ਤਰੀਕੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪਟਿਆਲਾ ਵਿੱਚ ਸਿਵਲ ਏਅਰੋਡਰੋਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਵਿੱਚ ਸੂਬੇ ਦੇ ਹਵਾਬਾਜ਼ੀ ਖੇਤਰ ਦੇ ਇਤਿਹਾਸ ਤੇ ਕਲਾਕ੍ਰਿਤਾਂ ਨੂੰ ਜ਼ਰੂਰ ਦਰਸਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਮਾਡਲ, ਤਸਵੀਰਾਂ, ਨਕਸ਼ੇ, ਮਾਡਲਾਂ ਦੀ ਐਨੀਮੇਸ਼ਨ ਰਾਹੀਂ ਪੇਸ਼ਕਾਰੀ, ਪਾਇਲਟਾਂ ਤੇ ਹੋਰ ਸਟਾਫ਼ ਦੇ ਕੱਪੜੇ ਤੇ ਉਪਕਰਨ ਵੀ ਇਸ ਮਿਊਜ਼ੀਅਮ ਵਿੱਚ ਦਰਸਾਏ ਜਾ ਸਕਦੇ ਹਨ। ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਇਸ ਮਿਊਜ਼ੀਅਮ ਵਿੱਚ ਰਸਾਲੇ, ਤਕਨੀਕੀ ਨਿਯਮਾਂਵਲੀ, ਤਸਵੀਰਾਂ ਤੇ ਨਿੱਜੀ ਪੁਰਾਲੇਖ ਵੀ ਦਰਸਾਏ ਜਾਣ, ਜੋ ਅਕਸਰ ਹਵਾਬਾਜ਼ੀ ਖੇਤਰ ਦੇ ਖੋਜਾਰਥੀਆਂ ਨੂੰ ਲੇਖ ਜਾਂ ਕਿਤਾਬਾਂ ਲਿਖਣ ਜਾਂ ਪੁਰਾਣੇ ਹਵਾਈ ਜਹਾਜ਼ਾਂ ਨੂੰ ਠੀਕ ਕਰਨ ਲਈ ਤਕਨੀਸ਼ੀਅਨਾਂ ਦੇ ਕੰਮ ਆਉਂਦੇ ਹਨ। ਉਨ੍ਹਾਂ ਦੱਸਿਆ ਕਿ 350 ਏਕੜ ਜਗ੍ਹਾ ਵਿੱਚ ਫੈਲਿਆ ‘ਪਟਿਆਲਾ ਏਵੀਏਸ਼ਨ ਕੰਪਲੈਕਸ’ ਇਕ ਵਿਰਾਸਤੀ ਸੰਸਥਾ ਹੈ, ਜੋ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਥਾਪਤ ਕੀਤੀ ਗਈ ਸੀ।
  LATEST UPDATES