View Details << Back

ਭਾਈਚਾਰੇ ਦੇ ਆਗੂਆਂ ਨੇ ਜ਼ਖ਼ਮੀ ਪੁਲਿਸ ਅਧਿਕਾਰੀ ਤੋਂ ਮੰਗੀ ਮੁਆਫ਼ੀ, ਹੁੱਲੜਬਾਜ਼ੀ ਦੀ ਕੀਤੀ ਨਿਖੇਧੀ ਅਤੇ ਪਰਵਾਸੀ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪੁੱਜਣ ਦੀ ਚਿਤਾਵਨੀ

  ਨਿਊਯਾਰਕ ਦੇ ਰਿਚਮੰਡ ਹਿੱਲ ਸਥਿਤ ਸਿੱਖ ਕਲਚਰਲ ਸੁਸਾਇਟੀ ਗੁਰਦੁਆਰੇ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਜਸ਼ਨ ਉਸ ਸਮੇਂ ਸਵਾਲਾਂ ਦੇ ਘੇਰੇ ਵਿੱਚ ਆ ਗਏ, ਜਦੋਂ ਉੱਥੇ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੁਝ ਨੌਜਵਾਨਾਂ ਕੋਲੋਂ ਗ਼ੈਰ-ਕਾਨੂੰਨੀ ਹਥਿਆਰ ਵੀ ਬਰਾਮਦ ਹੋਣ ਦੀ ਖ਼ਬਰ ਹੈ। ਇਸ ਘਟਨਾ ਦੌਰਾਨ ਇੱਕ ਪੁਲੀਸ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ।


ਯੂਨਾਈਟਿਡ ਕਿੰਗਡਮ (ਯੂ.ਕੇ.), ਕੈਨੇਡਾ ਅਤੇ ਅਮਰੀਕਾ ਵਿੱਚ ਦੀਵਾਲੀ ਦੇ ਜਸ਼ਨਾਂ ਤੋਂ ਬਾਅਦ ਮੰਦਰਾਂ ਅਤੇ ਗੁਰਦੁਆਰਿਆਂ ਦੇ ਬਾਹਰ ਕੀਤੀ ਗਈ ਆਤਿਸ਼ਬਾਜ਼ੀ ਅਤੇ ਉਸ ਕਾਰਨ ਖਿੱਲਰੇ ਕੂੜੇ-ਕਰਕਟ ਦੀ ਘਟਨਾ 'ਤੇ ਭਾਈਚਾਰੇ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

ਹਿੰਸਾ ਅਤੇ ਕਾਨੂੰਨ ਦੀ ਉਲੰਘਣਾ ਦੀ ਨਿਖੇਧੀ ਕਰਦਿਆਂ ਸਿੱਖ ਕਲਚਰਲ ਸੁਸਾਇਟੀ ਇੰਕ, ਰਿਚਮੰਡ ਹਿੱਲ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਰਿਚਮੰਡ ਵਿੱਚ ਵਾਪਰੀ ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਪੁਲੀਸ ਅਧਿਕਾਰੀ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ।

ਉਨ੍ਹਾਂ ਕਿਹਾ ਕਿ ਇਸ ਮੌਕੇ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਲਈ ਗੁਰਦੁਆਰੇ ਆਏ ਸਨ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਜਸ਼ਨਾਂ ਵਿੱਚ ਵਿਘਨ ਪਾਇਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸ਼ਾਸਨ ਨਾਲ ਇਹ ਸਮਝੌਤਾ ਕੀਤਾ ਸੀ ਕਿ ਆਤਿਸ਼ਬਾਜ਼ੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਪਰ ਕੁਝ ਨੌਜਵਾਨਾਂ ਨੇ ਜਾਣਬੁੱਝ ਕੇ ਪਾਬੰਦੀਆਂ ਦੀ ਉਲੰਘਣਾ ਕੀਤੀ।


ਉਨ੍ਹਾਂ ਕਿਹਾ, "ਜੇਕਰ ਇਹ ਘਟਨਾ ਭਾਰਤ ਵਿੱਚ ਵਾਪਰੀ ਹੁੰਦੀ, ਤਾਂ ਪੁਲੀਸ ਨੇ ਮੁਲਜ਼ਮਾਂ ਨਾਲ ਸਖ਼ਤੀ ਨਾਲ ਨਜਿੱਠਣਾ ਸੀ। ਹਾਲਾਂਕਿ, ਇੱਥੇ ਪੁਲੀਸ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਥਿਤੀ ਨੂੰ ਸੰਭਾਲਿਆ," ਅਤੇ ਇਸ ਘਟਨਾ ਤੋਂ ਬਾਅਦ ਪਰਵਾਸੀ ਭਾਈਚਾਰੇ ਨਾਲ ਸਬੰਧਤ ਪੁਲੀਸ ਮੁਲਾਜ਼ਮਾਂ ਨੂੰ ਝੱਲਣੀ ਪਈ ਸ਼ਰਮਿੰਦਗੀ 'ਤੇ ਚਿੰਤਾ ਪ੍ਰਗਟਾਈ।

  ਖਾਸ ਖਬਰਾਂ