View Details << Back

Mahadev betting app: ਈਡੀ ਵੱਲੋਂ ਮਹਾਦੇਵ ਆਨਲਾਈਨ ਸੱਟੇਬਾਜ਼ੀ ਸਿੰਡੀਕੇਟ ਦਾ ਸਹਿ-ਮਾਲਕ ਸੌਰਭ ਚੰਦਰਾਕਰ ਗ੍ਰਿਫ਼ਤਾਰ

  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਰਾਏਪੁਰ ਅਦਾਲਤ ਦੀ ਇਜਾਜ਼ਤ ਨਾਲ ਮਨੀ ਲਾਂਡਰਿੰਗ ਰੋਕੂ ਐਕਟ, 2002 (PMLA) ਦੀ ਧਾਰਾ 19 ਤਹਿਤ ਗੈਰ-ਕਾਨੂੰਨੀ ਸੱਟੇਬਾਜ਼ੀ ਸਿੰਡੀਕੇਟ ‘ਮਹਾਦੇਵ ਆਨਲਾਈਨ ਬੁੱਕ’ ਦੇ ਸਹਿ-ਮਾਲਕ ਅਤੇ ਪ੍ਰਮੋਟਰ ਸੌਰਭ ਚੰਦਰਾਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

 

ਅਦਾਲਤ ਨੇ ਅਗਲੇਰੀ ਜਾਂਚ ਲਈ ਉਸ ਨੂੰ 19 ਨਵੰਬਰ ਤੱਕ ਸੱਤ ਦਿਨਾਂ ਦੇ ਈਡੀ ਰਿਮਾਂਡ ’ਤੇ ਭੇਜ ਦਿੱਤਾ ਹੈ। ਮਾਮਲੇ ਦੇ ਤੱਥਾਂ ਅਨੁਸਾਰ, ਸੌਰਭ ਚੰਦਰਾਕਰ ਅਤੇ ਇੱਕ ਹੋਰ ਸਹਿ-ਪ੍ਰਮੋਟਰ ਰਵੀ ਉੱਪਲ ਭਾਰਤ ਅਤੇ ਯੂਏਈ ਵਿੱਚ ‘ਬੈਟਿੰਗ ਪੈਨਲਾਂ’ ਦੀ ਫਰੈਂਚਾਇਜ਼ੀ ਰਾਹੀਂ ਦੁਬਈ ਸਥਿਤ ਆਪਣੇ ਮੁੱਖ ਦਫ਼ਤਰ ਤੋਂ ‘ਮਹਾਦੇਵ ਆਨਲਾਈਨ ਬੁੱਕ’ (ਵੱਖ-ਵੱਖ ਆਨਲਾਈਨ ਸੱਟੇਬਾਜ਼ੀ ਵੈੱਬਸਾਈਟਾਂ) ਚਲਾਉਂਦੇ ਸਨ। ਖਿਡਾਰੀਆਂ ਦਾ ਪੈਸਾ ਹੋਰ ਲੋਕਾਂ ਦੇ ਨਾਵਾਂ ’ਤੇ ਖੋਲ੍ਹੇ ਗਏ ਬੈਂਕ ਖਾਤਿਆਂ ਰਾਹੀਂ ਜਾਂਦਾ ਸੀ ਅਤੇ ਹਵਾਲਾ ਰਾਹੀਂ ਭਾਰਤ ਤੋਂ ਬਾਹਰ ਭੇਜਿਆ ਜਾਂਦਾ ਸੀ। 

 

ਈਡੀ ਦੀ 20 ਅਕਤੂਬਰ 2023 ਦੀ ਮੁੱਖ ਸ਼ਿਕਾਇਤ ਵਿੱਚ ਸਿੰਡੀਕੇਟ ਦੀ ਕਮਾਈ ਲਗਪਗ 450 ਕਰੋੜ ਰੁਪਏ ਪ੍ਰਤੀ ਮਹੀਨਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਸੌਰਭ ਚੰਦਰਾਕਰ ਨੇ ਸਤੰਬਰ 2023 ਵਿੱਚ ਈਡੀ ਵੱਲੋਂ ਜਾਰੀ ਕੀਤੇ ਗਏ ਸੰਮਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜਾਂਚ ਤੋਂ ਲਗਾਤਾਰ ਬਚਦਾ ਆ ਰਿਹਾ ਸੀ। ਈਡੀ ਦੀ ਅਰਜ਼ੀ ’ਤੇ ਵਿਸ਼ੇਸ਼ ਅਦਾਲਤ ਨੇ 4 ਸਤੰਬਰ 2023 ਨੂੰ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ, ਈਡੀ ਦੀ ਬੇਨਤੀ ’ਤੇ ਇੰਟਰਪੋਲ ਨੇ ਵੀ ਉਸ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕਰ ਦਿੱਤਾ ਸੀ। 

 

ਵਾਰੰਟ ਨੂੰ ਚੁਣੌਤੀ ਦੇਣ ਵਾਲੀ ਉਸ ਦੀ ਪਟੀਸ਼ਨ ਨੂੰ ਛੱਤੀਸਗੜ੍ਹ ਹਾਈ ਕੋਰਟ ਨੇ 22 ਮਾਰਚ 2025 ਨੂੰ ਖਾਰਜ ਕਰ ਦਿੱਤਾ ਸੀ। ਉਸ ਨੇ ਭਾਰਤੀ ਪਾਸਪੋਰਟ ਹੁੰਦਿਆਂ ਵਾਨੂਆਤੂ (Vanuatu) ਦਾ ਪਾਸਪੋਰਟ ਹਾਸਲ ਕਰ ਲਿਆ ਸੀ ਅਤੇ ਵਿਸ਼ੇਸ਼ ਅਦਾਲਤ ਅੱਗੇ ਇਹ ਦਾਅਵਾ ਵੀ ਕੀਤਾ ਸੀ ਕਿ ਉਸ ਨੇ 28 ਜੂਨ 2022 ਨੂੰ ਭਾਰਤੀ ਨਾਗਰਿਕਤਾ ਛੱਡ ਦਿੱਤੀ ਸੀ। 

 

ਇਸ ਕੇਸ ਵਿੱਚ ਈਡੀ ਨੇ ਹੁਣ ਤੱਕ ਲਗਪਗ 190 ਟਿਕਾਣਿਆਂ ’ਤੇ ਤਲਾਸ਼ੀ ਲਈ ਹੈ, ਲਗਪਗ 2,000 ਕਰੋੜ ਰੁਪਏ ਜ਼ਬਤ ਜਾਂ ਫ੍ਰੀਜ਼ ਕੀਤੇ ਹਨ ਅਤੇ ਲਗਪਗ 3,500 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ, ਜਿਸ ਵਿੱਚੋਂ ਲਗਪਗ 1,800 ਕਰੋੜ ਰੁਪਏ ਦੀ ਜਾਇਦਾਦ ਵਿਦੇਸ਼ਾਂ ਵਿੱਚ ਹੈ, ਜਿਸ ਵਿੱਚ ਦੁਬਈ ਦੀਆਂ 22 ਅਚੱਲ ਜਾਇਦਾਦਾਂ ਸ਼ਾਮਲ ਹਨ। 

 

ਏਜੰਸੀ ਨੇ 116 ਮੁਲਜ਼ਮਾਂ ਖ਼ਿਲਾਫ਼ ਛੇ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ। ਇਸ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਜਾਣ ਵਾਲਾ ਸੌਰਭ ਚੰਦਰਾਕਰ 15ਵਾਂ ਵਿਅਕਤੀ ਹੈ। 

  ਖਾਸ ਖਬਰਾਂ