View Details << Back

ਅਮਰੀਕੀ ਫੌਜ ਇਰਾਨ ਖ਼ਿਲਾਫ਼ ਸਭ ਤੋਂ ਵੱਡੇ ਗੈਰ-ਪਰਮਾਣੂ ਬੰਬ ਦੀ ਵਰਤੋਂ ਕਰਨ 'ਤੇ ਕਰ ਰਹੀ ਹੈ ਵਿਚਾਰ: ਰਿਪੋਰਟ

  ਅਮਰੀਕੀ ਫੌਜ ਇਰਾਨ ਦੇ ਊਰਜਾ ਬੁਨਿਆਦੀ ਢਾਂਚੇ ਅਤੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਜਖੀਰੇ ਵਿੱਚ ਮੌਜੂਦ ਸਭ ਤੋਂ ਵੱਡੇ ਗੈਰ-ਪਰਮਾਣੂ ਬੰਬ ਦੀ ਵਰਤੋਂ ਕਰਨ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਇਸ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।


ਇਸ ਬੰਬ ਨੂੰ 'ਮਦਰ ਆਫ਼ ਆਲ ਬੰਬਜ਼' (ਸਾਰੇ ਬੰਬਾਂ ਦੀ ਮਾਂ) ਵੀ ਕਿਹਾ ਜਾਂਦਾ ਹੈ। ਸੀ ਐੱਨ ਐੱਨ (CNN) ਦੀ ਰਿਪੋਰਟ ਅਨੁਸਾਰ, ਇਰਾਨ ਖ਼ਿਲਾਫ਼ ਜਾਰੀ ਜੰਗ ਵਿੱਚ 'ਜੀਬੀਯੂ-43/ਬੀ ਮੈਸਿਵ ਆਰਡਨੈਂਸ ਏਅਰ ਬਲਾਸਟ ਬੰਬ' (MOAB) ਦੀ ਵਰਤੋਂ ਇੱਕ ਵੱਡਾ ਅਤੇ ਗੰਭੀਰ ਮੋੜ ਸਾਬਤ ਹੋਵੇਗੀ। ਇਹ ਜੰਗ ਹੁਣ ਅੱਠਵੇਂ ਮਹੀਨੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।

ਟਰੰਪ ਨੇ ਵੀਰਵਾਰ ਨੂੰ 'ਨਿਊਜ਼ਮੈਕਸ' ਨੂੰ ਦੱਸਿਆ ਕਿ ਅਮਰੀਕਾ ਇਰਾਨ ਦੇ ਪਰਮਾਣੂ ਅਦਾਰਿਆਂ 'ਤੇ ਇੱਕ ਹੋਰ ਹਮਲਾ ਕਰ ਸਕਦਾ ਹੈ, ਜਿਸ ਵਿੱਚ 'ਪਿਕਐਕਸ ਮਾਊਂਟੇਨ' ਦੇ ਨਾਂ ਨਾਲ ਜਾਣੀ ਜਾਂਦੀ ਇੱਕ ਬੇਹੱਦ ਸੁਰੱਖਿਅਤ ਜਗ੍ਹਾ ਵੀ ਸ਼ਾਮਲ ਹੈ।

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਤਿੰਨ ਨਵੰਬਰ ਦੀਆਂ ਮੱਧਕਾਲੀ ਚੋਣਾਂ (Midterm elections) ਤੋਂ ਬਾਅਦ 'ਮਦਰ ਆਫ਼ ਆਲ ਬੰਬਜ਼' ਦੀ ਵਰਤੋਂ ਕਰਨ 'ਤੇ ਵਿਚਾਰ ਕਰ ਰਹੇ ਹਨ, ਤਾਂ ਟਰੰਪ ਨੇ ਕਿਹਾ ਕਿ ਇਹ ਪਰਮਾਣੂ ਹਥਿਆਰ ਨਹੀਂ ਹੈ।


ਟਰੰਪ ਨੇ ਕਿਹਾ, "ਇਹ ਬਿਲਕੁਲ ਵੀ ਪਰਮਾਣੂ ਨਹੀਂ ਹੈ, ਇਹ ਬਸ ਇੱਕ ਬਹੁਤ ਵੱਡਾ ਬੰਬ ਹੈ। ਇਹ ਇੱਕ ਛੋਟੇ ਪਰਮਾਣੂ ਬੰਬ ਵਰਗਾ ਹੈ। ਪਰ 'ਮਦਰ ਆਫ਼ ਆਲ ਬੰਬਜ਼' ਇੱਕ ਬਹੁਤ ਵੱਡਾ ਬੰਬ ਹੈ - ਪਰ ਇਹ ਪਰਮਾਣੂ ਨਹੀਂ ਹੈ। ਮੈਂ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰਾਂਗਾ, ਸਾਨੂੰ ਅਜਿਹਾ ਕਰਨ ਦੀ ਲੋੜ ਵੀ ਨਹੀਂ ਹੈ।"


ਲਗਪਗ 21,600 ਪੌਂਡ ਵਜ਼ਨੀ ਐੱਮ ਓ ਏ ਬੀ (MOAB) ਦੀ ਵਰਤੋਂ ਪਹਿਲੀ ਵਾਰ ਅਪਰੈਲ 2017 ਵਿੱਚ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ (IS) ਸਮੂਹ ਦੇ ਇੱਕ ਸੁਰੰਗ ਕੰਪਲੈਕਸ ਨੂੰ ਨਸ਼ਟ ਕਰਨ ਲਈ ਕੀਤੀ ਗਈ ਸੀ।


ਸੀ ਐੱਨ ਐੱਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਕੀ ਇਹ ਬੰਬ ਜ਼ਮੀਨ ਦੇ ਬਹੁਤ ਹੇਠਾਂ ਦੱਬੇ ਇਰਾਨੀ ਪਰਮਾਣੂ ਅਦਾਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਟ ਕਰ ਸਕਦਾ ਹੈ ਜਾਂ ਨਹੀਂ।


ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੇ ਭਾਸ਼ਣ ਵਿੱਚ, ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ "ਵੱਡਾ ਫੈਸਲਾ" ਲੈਣਾ ਹੈ - ਕਿ ਕੀ ਇਰਾਨ ਨਾਲ ਕੋਈ ਸਮਝੌਤਾ ਕੀਤਾ ਜਾਵੇ ਜਾਂ ਫਿਰ "ਇਸਲਾਮਿਕ ਰਿਪਬਲਿਕ (ਇਰਾਨ) ਨੂੰ ਪੂਰੀ ਤਰ੍ਹਾਂ ਨਸ਼ਟ" ਕਰ ਦਿੱਤਾ ਜਾਵੇ।

  ਖਾਸ ਖਬਰਾਂ