View Details << Back

Akali Takht AAP MLAs: ਅਕਾਲ ਤਖ਼ਤ ਸਕੱਤਰੇਤ ਅੱਗੇ ਪੇਸ਼ ਹੋ ਕੇ ‘ਆਪ’ ਵਿਧਾਇਕਾਂ ਵੱਲੋਂ ਖਿਮਾ ਜਾਚਨਾ

  Akali Takht AAP MLAs: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੁਝ ਹੋਰ ਆਗੂਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਆਪਣੇ ਸਪੱਸ਼ਟੀਕਰਨ ਵਜੋਂ ਪੱਤਰ ਦੇ ਕੇ ਖਿਮਾ ਯਾਚਨਾ ਕੀਤੀ ਹੈ। ਉਨ੍ਹਾਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਲਾਏ ਗਏ ਦੋਸ਼ਾਂ ਤੋਂ ਕਿਨਾਰਾ ਕੀਤਾ ਹੈ। ਅੱਜ ‘ਆਪ’ ਵਿਧਾਇਕਾਂ ਡਾ. ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਜੀਵਨਜੋਤ ਕੌਰ, ਗੁਰਦੀਪ ਸਿੰਘ, ਬਲਜਿੰਦਰ ਕੌਰ, ਸਰਵਣ ਸਿੰਘ ਧੁੰਨ, ਮਨਜਿੰਦਰ ਸਿੰਘ (ਖਡੂਰ ਸਾਹਿਬ), ਜਸਬੀਰ ਸਿੰਘ, ਕਰਮਬੀਰ ਸਿੰਘ, ਕੁਲਵੰਤ ਸਿੰਘ ਅਤੇ ‘ਆਪ’ ਦੇ ਕੁਝ ਸਿਆਸਤਦਾਨ ਸੋਨੀਆ ਮਾਨ, ਗੁਰ ਇਕਬਾਲ ਸਿੰਘ ਅਤੇ ਜੋਬਨ ਸਿੰਘ ਨੇ ਆਪਣੀ ਗ਼ਲਤੀ ਮੰਨੀ ਕਿ ਜਥੇਦਾਰ ਵੱਲੋਂ ਹੋਏ ਹੁਕਮ ਦੇ ਬਾਵਜੂਦ ਉਨ੍ਹਾਂ 12 ਅਕਤੂਬਰ ਨੂੰ ਬਾਹਰ ਮੀਡੀਆ ਵਿੱਚ ਜਾ ਕੇ ਇਸ ਗੱਲ ਦਾ ਖੰਡਨ ਨਹੀਂ ਕੀਤਾ ਅਤੇ ਨਾ ਹੀ ਸਥਿਤੀ ਸਪੱਸ਼ਟ ਕੀਤੀ ਕਿ ਉਨ੍ਹਾਂ ਨਾਲ ਜਾਤ-ਪਾਤ ਆਧਾਰਿਤ ਕੋਈ ਵਿਤਕਰਾ ਨਹੀਂ ਹੋਇਆ ਹੈ। ਅੱਜ ਇਨ੍ਹਾਂ ਵਿਧਾਇਕਾਂ ਨੇ ਗੁਰੂ ਸਾਹਿਬ ਪਾਸੋਂ ਖਿਮਾ ਜਾਚਨਾ ਕੀਤੀ ਅਤੇ ਸਪੱਸ਼ਟ ਕੀਤਾ ਕਿ ਅਕਾਲ ਤਖ਼ਤ ਵਿਖੇ ਆਉਣ ਤੋਂ ਕਿਸੇ ਨੂੰ ਜਾਤ-ਪਾਤ, ਨਸਲ ਭੇਦ, ਰੰਗ ਭੇਦ ਦੇ ਅਧਾਰ ਉੱਤੇ ਕਦੇ ਵੀ ਨਹੀਂ ਰੋਕਿਆ ਗਿਆ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਆਗੂ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਏ ਅਤੇ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੀਡੀਆ ਵਿੱਚ ਦਿੱਤੇ ਬਿਆਨ ਕਾਰਨ ਪੈਦਾ ਹੋਏ ਵਿਵਾਦ ਬਾਰੇ ਆਪਣਾ ਪੱਖ ਰੱਖਿਆ। ਗਿਆਸਪੁਰਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਜਾਤੀ ਆਧਾਰਿਤ ਵਿਤਕਰੇ ਕਾਰਨ ਸਕੱਤਰੇਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ।

ਅਕਾਲ ਤਖ਼ਤ ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਗਿਆਸਪੁਰਾ ਦੇ ਇਸ ਦੋਸ਼ ਦੀ ਨਿਖੇਧੀ ਕਰਦਿਆਂ ਇਸ ਨੂੰ ਰੱਦ ਕੀਤਾ ਸੀ। ਦੋਸ਼ ਲਾਇਆ ਗਿਆ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਹਲਕੇ ਤੋਂ ਵਿਧਾਇਕ ਗਿਆਸਪੁਰਾ ਨੇ 12 ਅਕਤੂਬਰ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਜਾਤੀ ਆਧਾਰਿਤ ਵਿਤਕਰੇ ਬਾਰੇ ਗ਼ਲਤ ਬਿਆਨ ਦਿੱਤੇ ਸਨ।

ਗਿਆਸਪੁਰਾ ਨੂੰ ਸਿੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਬਾਰੇ ਪਹਿਲਾਂ ਦਿੱਤੇ ਕਥਿਤ ਇਤਰਾਜ਼ਯੋਗ ਬਿਆਨਾਂ ਕਾਰਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ’ਤੇ ਸਕੱਤਰੇਤ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ।

ਇਸ ਦੌਰਾਨ ‘ਆਪ’ ਵਿਧਾਇਕਾਂ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਮੰਗ ਪੱਤਰ ਸੌਂਪ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਹ ਮੰਗ ਦਿੱਲੀ ਵਿੱਚ ਇੱਕ ਰੋਸ ਪ੍ਰਦਰਸ਼ਨ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਿੱਲੀ ਪੁਲੀਸ ਦੇ ਕਥਿਤ ਦਾਖ਼ਲੇ ਨੂੰ ਲੈ ਕੇ ਕੀਤੀ ਗਈ ਸੀ। ਵਿਧਾਇਕਾਂ ਨੇ ਇਸ ਨੂੰ ਸਿੱਖ ਧਾਰਮਿਕ ਸੰਸਥਾਵਾਂ ਦੀ ਮਰਿਆਦਾ ਦੀ ਗੰਭੀਰ ਉਲੰਘਣਾ ਦੱਸਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਮਿਤ ਸ਼ਾਹ ਨੂੰ ਤਲਬ ਕਰਨ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।
  ਖਾਸ ਖਬਰਾਂ