View Details << Back

Yuzvendra Chahal Alcohol: ਸ਼ਰਾਬ ਕਾਰਨ ਨਸ਼ਾ ਛੁਡਾਊ ਕੇਂਦਰ ਵਿਚ 26 ਦਿਨ ਦਾਖਲ ਰਿਹਾ ਸੀ ਯੁਜਵੇਂਦਰ ਚਾਹਲ

  Yuzvendra Chahal Alcohol: ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਨੇ ਖੁਲਾਸਾ ਕੀਤਾ ਹੈ ਕਿ ਉਹ ਸ਼ਰਾਬ ਦੀ ਲਤ ਨਾਲ ਜੂਝ ਰਹੇ ਸਨ ਅਤੇ ਹਾਲਾਤ ਹੱਦ ਤੋਂ ਵੱਧ ਵਿਗੜਨ ਮਗਰੋਂ ਉਨ੍ਹਾਂ ਨੂੰ ਮੁੜ ਵਸੇਬਾ ਕੇਂਦਰ ਵਿੱਚ ਦਾਖ਼ਲ ਹੋਣਾ ਪਿਆ। ਪਹਿਲੀ ਸ਼੍ਰੇਣੀ ਦੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਚਾਹਲ ਨੇ ਦੱਸਿਆ ਕਿ ਉੱਥੇ 26 ਦਿਨ ਬਿਤਾਉਣ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ ਹੈ।

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਭ ਤੋਂ ਸਫ਼ਲ ਗੇਂਦਬਾਜ਼ਾਂ ਵਿੱਚ ਸ਼ੁਮਾਰ ਚਾਹਲ ਨੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨਾਲ ਇੱਕ ਪੌਡਕਾਸਟ ਵਿੱਚ ਆਪਣੀ ਜ਼ਿੰਦਗੀ ਦੇ ਔਖੇ ਦੌਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਾਊਂਟੀ ਕ੍ਰਿਕਟ ਖੇਡਣ ਮਗਰੋਂ ਸ਼ਰਾਬ ਦੀ ਲਤ ਹੱਦਾਂ ਪਾਰ ਕਰ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਮੁੜ ਵਸੇਬਾ ਕੇਂਦਰ ਜਾਣ ਦਾ ਫ਼ੈਸਲਾ ਕੀਤਾ।

ਚਾਹਲ ਮੁਤਾਬਕ ਇਸ ਫ਼ੈਸਲੇ ਨਾਲ ਉਨ੍ਹਾਂ ਦੀ ਪਰਿਪੱਕਤਾ ਵਧੀ ਅਤੇ ਭਾਵਨਾਵਾਂ ਨੂੰ ਸੰਤੁਲਿਤ ਕਰਨਾ ਆਇਆ। ਉਨ੍ਹਾਂ ਕਿਹਾ ਕਿ ਪਿਛਲੇ ਆਈਪੀਐੱਲ ਸੀਜ਼ਨ ਦੌਰਾਨ ਉਨ੍ਹਾਂ ਦਾ ਸਰੀਰ ਮੁੜ 30 ਸਾਲ ਦੀ ਉਮਰ ਵਰਗਾ ਮਹਿਸੂਸ ਹੋਣ ਲੱਗਾ ਸੀ। ਉਹ ਜਿਮ ਵਿੱਚ ਕਸਰਤ, ਫੀਲਡਿੰਗ ਦੀਆਂ ਮਸ਼ਕਾਂ ਅਤੇ ਸਿਖਲਾਈ ਵੀ ਠੀਕ ਤਰ੍ਹਾਂ ਕਰਨ ਲੱਗੇ ਸਨ।

ਤਲਾਕ ਮਗਰੋਂ ਵਧ ਗਈ ਸੀ ਸ਼ਰਾਬ ਦੀ ਆਦਤ
36 ਸਾਲਾ ਲੈੱਗ ਸਪਿੰਨਰ ਨੇ ਦੱਸਿਆ ਕਿ ਜਦੋਂ ਉਨ੍ਹਾਂ 2011 ਵਿੱਚ ਆਈਪੀਐੱਲ ਵਿੱਚ ਖੇਡਣਾ ਸ਼ੁਰੂ ਕੀਤਾ ਤਾਂ ਸ਼ਰਾਬ ਦੀ ਆਦਤ ਪੈ ਗਈ। ਉਸ ਵੇਲੇ ਪਾਰਟੀਆਂ ਵਿੱਚ ਜਾਣਾ ਆਮ ਸੀ। ਦੱਖਣੀ ਅਫ਼ਰੀਕਾ ਦੇ ਕ੍ਰਿਕਟਰ ਏਬੀ ਡਿਵਿਲੀਅਰਜ਼ ਨੇ ਇੱਕ ਵਾਰ ਉਨ੍ਹਾਂ ਨੂੰ ਕਿਹਾ ਸੀ ਕਿ ਜ਼ਿੰਦਗੀ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ। ਚਾਹਲ ਨੇ ਮੰਨਿਆ ਕਿ ਇਹ ਗੱਲ ਸੁਣਨ ਵਿੱਚ ਸੌਖੀ ਲੱਗਦੀ ਹੈ ਪਰ ਇਸ ’ਤੇ ਅਮਲ ਕਰਨਾ ਔਖਾ ਹੈ।

ਉਨ੍ਹਾਂ ਦੱਸਿਆ ਕਿ ਤਲਾਕ ਮਗਰੋਂ ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਰਹੀ ਅਤੇ ਸ਼ਰਾਬ ਦੀ ਲਤ ਹੋਰ ਵਧ ਗਈ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਕ੍ਰਿਕਟ ਨੂੰ ਹੀ ਨੁਕਸਾਨ ਪਹੁੰਚਾ ਬੈਠਣਗੇ। ਇਸ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਦਲਣ ਦਾ ਫ਼ੈਸਲਾ ਕੀਤਾ। ਇਸ ਔਖੇ ਸਮੇਂ ਦੌਰਾਨ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਉਨ੍ਹਾਂ ਦਾ ਸਾਥ ਦਿੱਤਾ।

ਚਿੰਤਾ ਤੇ ਘਬਰਾਹਟ ਦੇ ਦੌਰੇ ਵੀ ਪਏ
ਚਾਹਲ ਨੇ ਕਿਹਾ ਕਿ ਜਨਤਕ ਜੀਵਨ ਵਿੱਚ ਹੋਣ ਕਾਰਨ ਲੋਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਟਿੱਪਣੀਆਂ ਕਰਦੇ ਸਨ, ਜਿਸ ਨਾਲ ਉਨ੍ਹਾਂ ਨੂੰ ਦੁੱਖ ਹੁੰਦਾ ਸੀ। ਉਨ੍ਹਾਂ ਨੇ ਸਾਬਕਾ ਬੀਸੀਸੀਆਈ ਖ਼ਜ਼ਾਨਚੀ ਅਨਿਰੁੱਧ ਚੌਧਰੀ ਨਾਲ ਗੱਲ ਕਰ ਕੇ ਕੁਝ ਸਮਾਂ ਖੇਡ ਤੋਂ ਦੂਰ ਰਹਿਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਸ ਦੌਰ ਵਿੱਚ ਚਿੰਤਾ ਅਤੇ ਘਬਰਾਹਟ ਦੇ ਦੌਰੇ ਪੈਣ ਲੱਗੇ ਸਨ। ਕਈ ਵਾਰ ਦੌਰੇ ਦੌਰਾਨ ਉਨ੍ਹਾਂ ਦਾ ਦਿਲ ਤੇਜ਼ ਧੜਕਦਾ, ਚਿਹਰਾ ਸੁੰਗੜ ਜਾਂਦਾ ਅਤੇ ਬੋਲਣਾ ਵੀ ਔਖਾ ਹੋ ਜਾਂਦਾ ਸੀ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਾਲੋਂ ਕਾਫ਼ੀ ਖ਼ੁਸ਼ ਅਤੇ ਬਿਹਤਰ ਮਹਿਸੂਸ ਕਰ ਰਹੇ ਹਨ।
  ਖਾਸ ਖਬਰਾਂ