View Details << Back

Women Hockey: ਹਾਕੀ ’ਚ ਕੁੜੀਆਂ ਦਾ ਸੁਨਹਿਰੀ ਗੋਲ

  ਭਾਰਤ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਹਾਕੀ ਵਿੱਚ ਸੋਨ ਤਗ਼ਮਾ ਜਿੱਤ ਕੇ 44 ਸਾਲਾਂ ਦੀ ਉਡੀਕ ਖ਼ਤਮ ਕਰ ਦਿੱਤੀ ਹੈ। ਖ਼ਿਤਾਬੀ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਭਾਰਤ ਨੇ 2028 ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਤੇ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਖਿਲਾਫ਼ ਸ਼ਾਨਦਾਰ ਖੇਡ ਦਿਖਾਈ। ਭਾਰਤ ਦੀ ਜਿੱਤ ਵਿੱਚ ਲਾਲਰੇਮਸਿਆਮੀ ਵੱਲੋਂ 10ਵੇਂ ਮਿੰਟ ਵਿੱਚ ਰਿਵਰਸ ਸਟਿੱਕ ਨਾਲ ਕੀਤੇ ਗੋਲ ਅਤੇ ਗੋਲਕੀਪਰ ਬਿੱਛੂ ਦੇਵੀ ਦੀ ਬਿਹਤਰੀਨ ਖੇਡ ਤੇ ਮਜ਼ਬੂਤ ਡਿਫੈਂਸ ਦੀ ਅਹਿਮ ਭੂਮਿਕਾ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਹੈ।

ਚੀਨ ਨੇ ਮੈਚ ਦੌਰਾਨ ਆਪਣੀ ਪੂਰੀ ਵਾਹ ਲਾਈ, ਪਰ ਭਾਰਤ ਨੇ ਆਪਣੀ ਇਕ ਗੋਲ ਦੀ ਲੀਡ ਨੂੰ ਬਣਾਈ ਰੱਖਣ ਲਈ ਵਿਰੋਧੀ ਟੀਮ ਵੱਲੋਂ ਉਪਰੋਥਲੀ ਬਣਾਏ ਹੱਲਿਆਂ ਨੂੰ ਬੜੀ ਦਲੇਰੀ ਨਾਲ ਨਾਕਾਮ ਕੀਤਾ ਅਤੇ ਯਾਦਗਾਰ ਜਿੱਤ ਦਰਜ ਕਰਨ ਲਈ ਆਪਣੇ ਸਰੀਰ ਦੀ ਪਰਵਾਹ ਕੀਤੇ ਬਿਨਾਂ ਪੂਰਾ ਜ਼ੋਰ ਲਾਇਆ। ਭਾਰਤੀ ਮਹਿਲਾ ਹਾਕੀ ਟੀਮ ਦਾ 1982 ਮਗਰੋਂ ਏਸ਼ਿਆਈ ਖੇਡਾਂ ਵਿੱਚ ਇਹ ਪਹਿਲਾ ਸੋਨ ਤਗ਼ਮਾ ਹੈ। ਟੀਮ 1998 ਤੇ 2018 ਵਿੱਚ ਫਾਈਨਲ ਵਿੱਚ ਪਹੁੰਚੀ, ਪਰ ਟੀਮ ਨੂੰ ਕ੍ਰਮਵਾਰ ਦੱਖਣੀ ਕੋਰੀਆ ਤੇ ਜਾਪਾਨ ਕੋਲੋਂ ਮਿਲੀ ਹਾਰ ਕਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਟੀਮ ਦੇ ਕੋਚ ਜੋਅਰਡ ਮਰੀਨੇ ਲਈ ਦੋਵੇਂ ਟੀਚੇ (ਸੋਨ ਤਗ਼ਮਾ ਤੇ ਓਲੰਪਿਕ ਦਾ ਟਿਕਟ) ਅਹਿਮ ਸਨ।

ਇਸ ਤੋਂ ਪਹਿਲਾਂ ਦੋਵਾਂ ਟੀਮਾਂ (ਭਾਰਤ ਤੇ ਚੀਨ) ਦੇ ਖਿਡਾਰੀਆਂ ਵਾਲੀਆਂ ਬੱਸਾਂ ਦੇ ਟਰੈਫਿਕ ਵਿਚ ਫਸਣ ਕਰ ਕੇ ਖ਼ਿਤਾਬੀ ਮੁਕਾਬਲਾ ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਮੈਚ ਦੇ ਦਸਵੇਂ ਮਿੰਟ ਵਿੱਚ ਲਾਲਰੇਮਸਿਆਮੀ, ਜੋ ਆਪਣਾ 200ਵਾਂ ਕੌਮਾਂਤਰੀ ਮੈਚ ਖੇਡ ਰਹੀ ਸੀ, ਨੇ ਸਾਕਸ਼ੀ ਰਾਣਾ ਦੇ ਪਾਸ ਨੂੰ ਗੋਲ ਵਿੱਚ ਤਬਦੀਲ ਕਰ ਕੇ ਭਾਰਤ ਨੂੰ ਲੀਡ ਦਿਵਾਈ ਅਤੇ ਅਖ਼ੀਰ ਤੱਕ ਇਸ ਬੜ੍ਹਤ ਨੂੰ ਕਾਇਮ ਰੱਖਿਆ। ਚੀਨ ਨੂੰ ਦੂਜੇ ਕੁਆਰਟਰ (24ਵਾਂ ਮਿੰਟ) ਵਿੱਚ ਸਕੋਰ ਲਾਈਨ ਬਰਾਬਰ ਕਰਨ ਲਈ ਪੈਨਲਟੀ ਸਟਰੋਕ ਜ਼ਰੀਏ ਮੌਕਾ ਮਿਲਿਆ, ਪਰ ਬਿੱਛੂ ਦੇਵੀ ਨੇ ਖੱਬੇ ਪਾਸੇ ਗੋਤਾ ਲਾ ਕੇ ਅਹਿਮ ਬਚਾਅ ਕੀਤਾ ਤੇ ਭਾਰਤ ਦੀ ਲੀਡ ਨੂੰ ਬਰਕਰਾਰ ਰੱਖਿਆ। ਭਾਰਤ ਦੇ ਡਿਫੈਂਡਰਾਂ ਨੇ ਗੋਲ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ, ਜਿਸ ਦੌਰਾਨ ਨਵਨੀਤ ਨੇ ਗੋਲ-ਲਾਈਨ ’ਤੇ ਅਹਿਮ ਬਚਾਅ ਕਰਦਿਆਂ ਚੀਨ ਨੂੰ ਬਰਾਬਰੀ ਦਾ ਗੋਲ ਕਰਨ ਤੋਂ ਰੋਕਿਆ। ਮੈਚ ਦੀ ਸ਼ੁਰੂਆਤ ਵਿੱਚ ਚੀਨ ਦੀ ਟੀਮ ਭਾਰੂ ਰਹੀ, ਪਰ ਭਾਰਤ ਦੇ ਮਜ਼ਬੂਤ ਡਿਫੈਂਸ ਕਰ ਕੇ ਉਨ੍ਹਾਂ ਲਈ ਸਾਫ਼ ਮੌਕੇ ਬਣਾਉਣਾ ਔਖਾ ਹੋ ਗਿਆ। ਚੀਨ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਜਾਪਾਨ ਨੇ ਸ਼ੂਟਆਊਟ ਵਿੱਚ ਕੋਰੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ।
  ਖਾਸ ਖਬਰਾਂ