View Details << Back

Canada- Australia Radar deal: ਕੈਨੇਡਾ-ਆਸਟਰੇਲੀਆ ਰਡਾਰ ਸੌਦਾ ਅੰਤਿਮ: ਆਰਕਟਿਕ ਖੇਤਰ ਦੀ ਸੁਰੱਖਿਆ ਅਤੇ ਨਿਗਰਾਨੀ ਹੋਵੇਗੀ ਹੋਰ ਮਜ਼ਬੂਤ

  Canada- Australia Radar deal: ਕੈਨੇਡਾ ਨੇ ਆਰਕਟਿਕ ਖੇਤਰ ਦੀ ਸੁਰੱਖਿਆ ਅਤੇ ਹਵਾਈ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਆਸਟਰੇਲੀਆ ਨਾਲ ‘ਓਵਰ-ਦ-ਹੋਰਾਈਜ਼ਨ ਰਡਾਰ’ (A-OTHR) ਸਿਸਟਮ ਦੀ ਖ਼ਰੀਦ ਸੰਬੰਧੀ ਸਮਝੌਤਾ ਅੰਤਿਮ ਕਰ ਦਿੱਤਾ ਹੈ। ਕਰੀਬ 2.5 ਅਰਬ ਡਾਲਰ ਦੇ ਇਸ ਰੱਖਿਆ ਸੌਦੇ ’ਤੇ ਐਤਵਾਰ ਦੇਰ ਰਾਤ ਦਸਤਖ਼ਤ ਕੀਤੇ ਗਏ। ਸਰਕਾਰੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਕੈਨੇਡਾ ਨੇ ਆਸਟਰੇਲੀਆ ਸਰਕਾਰ ਅਤੇ BAE ਸਿਸਟਮਜ਼ ਆਸਟਰੇਲੀਆ ਨਾਲ ਇਹ ਸਮਝੌਤਾ ਸਾਈਨ ਕੀਤਾ ਹੈ। ਇਹ ਰਡਾਰ ਸਿਸਟਮ ਉੱਤਰੀ ਹਵਾਈ ਖੇਤਰ ਵਿੱਚ ਕਿਸੇ ਵੀ ਹਲਚਲ ਦੀ ਪਹਿਲਾਂ ਤੋਂ ਪਛਾਣ ਕਰਨ ਦੀ ਸਮਰੱਥਾ ਵਿੱਚ ਵੱਡਾ ਵਾਧਾ ਕਰੇਗਾ।

ਸਰਕਾਰੀ ਸੂਤਰਾਂ ਅਨੁਸਾਰ ਇਹ ਪ੍ਰਾਜੈਕਟ ਨਾਟੋ (NATO) ਅਤੇ ਨੋਰੈਡ (NORAD - North American Aerospace Defense Command) ਦੀ ਆਧੁਨਿਕੀਕਰਨ ਯੋਜਨਾ ਦਾ ਇੱਕ ਬੇਹੱਦ ਮਹੱਤਵਪੂਰਨ ਹਿੱਸਾ ਹੈ। ਇਸ ਦਾ ਮੁੱਖ ਮਕਸਦ ਕੈਨੇਡਾ ਦੀ ਹਵਾਈ ਅਤੇ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ, ਖ਼ਾਸ ਕਰਕੇ ਆਰਕਟਿਕ ਖੇਤਰ ਵਿੱਚ, ਜਿੱਥੇ ਹਾਲੀਆ ਸਾਲਾਂ ਦੌਰਾਨ ਰਣਨੀਤਿਕ ਸਰਗਰਮੀਆਂ ਕਾਫ਼ੀ ਵਧੀਆਂ ਹਨ।

ਕੈਨਬਰਾ ਵਿੱਚ ਲੱਗੀ ਸਮਝੌਤੇ ’ਤੇ ਮੋਹਰ
ਰੱਖਿਆ ਖ਼ਰੀਦ ਸਕੱਤਰ ਸਟੀਫਨ ਫਰ ਨੇ ਕੈਨਬਰਾ ਵਿੱਚ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਜ਼ ਨਾਲ ਮੁਲਾਕਾਤ ਕਰਕੇ ਇਸ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ। ਇਸ ਦੇ ਨਾਲ ਹੀ ਇੱਕ 'ਉਦਯੋਗਿਕ ਲਾਭ ਸਮਝੌਤਾ' ਵੀ ਸਾਈਨ ਕੀਤਾ ਗਿਆ ਹੈ, ਜਿਸ ਦੇ ਤਹਿਤ ਕੈਨੇਡਾ ਦੇ ਸਥਾਨਕ ਰੱਖਿਆ ਉਦਯੋਗ ਵਿੱਚ ਵੱਡਾ ਨਿਵੇਸ਼ ਕੀਤਾ ਜਾਵੇਗਾ।

ਰੱਖਿਆ ਮਾਹਰਾਂ ਅਨੁਸਾਰ, ਇਹ ਓਵਰ-ਦ-ਹੋਰਾਈਜ਼ਨ ਰਡਾਰ ਪ੍ਰਣਾਲੀ ਨੋਰੈਡ (NORAD) ਦੀ ਸਾਂਝੀ ਸੁਰੱਖਿਆ ਬਣਤਰ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਇਹ ਉੱਨਤ ਤਕਨਾਲੋਜੀ ਦੂਰ-ਦਰਾਜ ਦੇ ਖੇਤਰਾਂ ਵਿੱਚ ਜਹਾਜ਼ਾਂ, ਵਿਮਾਨਾਂ ਅਤੇ ਸੰਭਾਵਿਤ ਮਿਸਾਈਲ ਖ਼ਤਰਿਆਂ ਦੀ ਬਹੁਤ ਪਹਿਲਾਂ ਪਛਾਣ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।

3,000 ਕਿਲੋਮੀਟਰ ਤੱਕ ਰਹੇਗੀ ਨਜ਼ਰ, 2029 ਤੱਕ ਹੋਵੇਗਾ ਚਾਲੂ
ਇਸ ਨਵੇਂ ਸਿਸਟਮ ਦੇ ਟਰਾਂਸਮੀਟਰ ਅਤੇ ਰਸੀਵਿੰਗ ਸਟੇਸ਼ਨ ਦੱਖਣੀ ਓਨਟਾਰੀਓ ਦੇ 'ਕਵਾਰਥਾ ਲੇਕਸ' ਖੇਤਰ ਵਿੱਚ ਸਥਾਪਿਤ ਕੀਤੇ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਸਾਲ 2029 ਤੱਕ ਇਹ ਰਡਾਰ ਸਿਸਟਮ ਪੂਰੀ ਤਰ੍ਹਾਂ ਕਾਰਗਰ (ਆਪਰੇਸ਼ਨਲ) ਹੋ ਜਾਵੇਗਾ। ਇਹ ਰਡਾਰ ਲਗਭਗ 3,000 ਕਿਲੋਮੀਟਰ ਦੀ ਦੂਰੀ ਤੱਕ ਬਾਰੀਕੀ ਨਾਲ ਨਿਗਰਾਨੀ ਰੱਖਣ ਦੀ ਸਮਰੱਥਾ ਰੱਖਦਾ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਦੇਸ਼ ਦੀਆਂ ਉੱਤਰੀ ਸਰਹੱਦਾਂ ਅਤੇ ਆਰਕਟਿਕ ਖੇਤਰ ਦੀ ਪ੍ਰਭੂਸੱਤਾ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਨੇ ਪਿਛਲੇ ਸਾਲ ਆਸਟਰੇਲੀਆਨਾਲ ਇਸ ਅਹਿਮ ਭਾਈਵਾਲੀ ਦਾ ਐਲਾਨ ਕੀਤਾ ਸੀ, ਜਿਸ ਦੀ ਕੁੱਲ ਲਾਗਤ ਲਗਭਗ 6 ਅਰਬ ਡਾਲਰ ਤਹਿ ਕੀਤੀ ਗਈ ਸੀ। ਇਹ ਮੌਜੂਦਾ ਸਮਝੌਤਾ ਆਰਕਟਿਕ ਲਈ ਯੋਜਨਾਬੱਧ ਦੋ ਰਡਾਰ ਯੂਨਿਟਾਂ ਵਿੱਚੋਂ ਪਹਿਲੇ ਯੂਨਿਟ ਨਾਲ ਸੰਬੰਧਿਤ ਹੈ। ਜਦਕਿ ਦੂਜਾ ‘ਪੋਲਰ ਓਵਰ-ਦ-ਹੋਰਾਈਜ਼ਨ ਰਡਾਰ’ (P-OTHR) ਕੈਨੇਡਾ ਦੇ ਬਹੁਤ ਜ਼ਿਆਦਾ ਉੱਤਰੀ ਹਿੱਸੇ ਵਿੱਚ ਲਗਾਇਆ ਜਾਵੇਗਾ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਸ ਦੀ ਸਹੀ ਸਥਿਤੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਸਰਕਾਰ ਮੁਤਾਬਕ ਇਹ ਪ੍ਰਾਜੈਕਟ ਨਾ ਸਿਰਫ਼ ਕੌਮੀ ਸੁਰੱਖਿਆ ਨੂੰ ਅਭੇਦ ਕਰੇਗਾ, ਸਗੋਂ ਆਰਕਟਿਕ ਖੇਤਰ ਵਿੱਚ ਕੈਨੇਡਾ ਦੀ ਹਕੂਮਤ ਅਤੇ ਨਿਗਰਾਨੀ ਦੀ ਤਾਕਤ ਨੂੰ ਨਵੀਂ ਉਚਾਈ ਦੇਵੇਗਾ।
  ਖਾਸ ਖਬਰਾਂ