View Details << Back

Ram mandir ਚੜ੍ਹਾਵਾ ਮਾਮਲੇ ਦੀ ਮੁੱਢਲੀ ਜਾਂਚ ਰਿਪੋਰਟ ਸੌਂਪੀ

  ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ ਅਤੇ ਦਾਨ ਦੀ ਰਕਮ ’ਚ ਹੋਈ ਕਥਿਤ ਹੇਰਾਫੇਰੀ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਆਪਣੀ ਮੁੱਢਲੀ ਰਿਪੋਰਟ ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਸੰਜੈ ਪ੍ਰਸਾਦ ਨੂੰ ਸੌਂਪ ਦਿੱਤੀ ਹੈ। ਜਾਂਚ ਟੀਮ ਦੇ ਮੈਂਬਰ ਵਿਜੈ ਵਿਸ਼ਵਾਸ ਪੰਤ ਨੇ ਦੱਸਿਆ ਕਿ ਇਹ ਹੁਣ ਤੱਕ ਦੀ ਪੜਤਾਲ ’ਤੇ ਆਧਾਰਿਤ ਸ਼ੁਰੂਆਤੀ ਰਿਪੋਰਟ ਹੈ ਅਤੇ ਇਸ ਦੇ ਵੇਰਵੇ ਪੂਰੀ ਤਰ੍ਹਾਂ ਗੁਪਤ ਰੱਖੇ ਗਏ ਹਨ। ਸਿਟ ਅਗਲੇ 10-15 ਦਿਨਾਂ ਵਿੱਚ ਅੰਤਿਮ ਰਿਪੋਰਟ ਪੇਸ਼ ਕਰੇਗੀ। ਉਧਰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਮਾਮਲਾ ਅਯੁੱਧਿਆ ਤੋਂ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਪਵਨ ਪਾਂਡੇ ਵੱਲੋਂ ਮੰਦਰ ਦੇ ਚੜ੍ਹਾਵੇਂ ’ਚੋਂ ਸੱਤ ਕਰੋੜ ਤੋਂ ਵੱਧ ਦੀ ਰਕਮ ਗਾਇਬ ਹੋਣ ਦਾ ਦੋਸ਼ ਲਾਉਣ ਮਗਰੋਂ ਗਰਮਾਇਆ ਸੀ। ਇਸ ਤੋਂ ਬਾਅਦ ਟਰੱਸਟ ਦੀ ਮੰਗ ’ਤੇ ਸੂਬਾ ਸਰਕਾਰ ਨੇ 14 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਬਣਾਈ ਸੀ।

ਇਸੇ ਦੌਰਾਨ ਸੁਪਰੀਮ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕਰ ਕੇ ਇਸ ਮਾਮਲੇ ਦੀ ਅਦਾਲਤ ਦੀ ਨਿਗਰਾਨੀ ਹੇਠ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਵਕੀਲਾਂ ਨੇ ਅਪੀਲ ਕੀਤੀ ਹੈ ਕਿ ਟਰੱਸਟ ਦੇ ਬੈਂਕ ਖਾਤਿਆਂ, ਦਾਨ ਦੇ ਰਜਿਸਟਰਾਂ ਅਤੇ ਸੀ ਸੀ ਟੀ ਵੀ ਫੁਟੇਜ ਸਮੇਤ ਸਾਰਾ ਰਿਕਾਰਡ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਜਾਣ ਤਾਂ ਕਿ ਸਬੂਤਾਂ ਨਾਲ ਛੇੜਛਾੜ ਨਾ ਹੋ ਸਕੇ।

ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਐਕਸ ’ਤੇ ਕਿਹਾ ਕਿ ਮਾਮਲੇ ਦੀਆਂ ਪਰਤਾਂ ਖੁੱਲ੍ਹਣ ਤੋਂ ਬਾਅਦ ਹੁਣ ਇਸ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਸਕਦੀਆਂ ਹਨ। ਪਾਰਟੀ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਹੈ। ਸੀਨੀਅਰ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਵੀ ਇਸ ਨੂੰ ਸ਼ਰਧਾਲੂਆਂ ਦੇ ਭਰੋਸੇ ਨਾਲ ਵਿਸ਼ਵਾਸਘਾਤ ਦੱਸਦਿਆਂ ਮੁਲਜ਼ਮਾਂ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ, ਸੂਬਾ ਸਰਕਾਰ ਦੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
  ਖਾਸ ਖਬਰਾਂ