View Details << Back

ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖ਼ਲ ਹੋਇਆ ਏਅਰ ਇੰਡੀਆ ਦਾ ਜਹਾਜ਼

  ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ ਫਲਾਈਟ ਏਆਈ-321 ਆਪਣੇ ਰਸਤੇ ਤੋਂ ਭਟਕਣ ਕਾਰਨ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋ ਗਈ। ਜ਼ਿਕਰਯੋਗ ਹੈ ਕਿ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਨਹੀਂ ਰਹੇ ਹਨ। ਸੋਮਵਾਰ ਰਾਤ ਨੂੰ ਵਾਪਰੀ ਇਸ ਘਟਨਾ ਕਾਰਨ ਖ਼ਤਰੇ ਦੀ ਘੰਟੀ ਵੱਜ ਗਈ।

ਪਤਾ ਲੱਗਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਜਦੋਂ ਜਹਾਜ਼ ਨੂੰ ਪਾਕਿਸਤਾਨ ਏਅਰ ਟ੍ਰੈਫਿਕ ਅਥਾਰਟੀ ਤੋਂ ਚਿਤਾਵਨੀਆਂ ਮਿਲਣੀਆਂ ਸ਼ੁਰੂ ਹੋਈਆਂ ਤਾਂ ਪਾਇਲਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਭਟਕ ਜਾਣ ਬਾਰੇ ਪਤਾ ਲੱਗਾ।

ਏਅਰਬੱਸ ਏਆਈ-321 ਜਹਾਜ਼ ਨੇ ਸੋਮਵਾਰ ਰਾਤ 9:18 ਵਜੇ ਦਿੱਲੀ ਤੋਂ ਉਡਾਣ ਭਰੀ ਸੀ ਅਤੇ ਇਸ ਨੇ ਰਾਤ 10:30 ਵਜੇ ਅੰਮ੍ਰਿਤਸਰ ਵਿੱਚ ਉਤਰਨਾ ਸੀ, ਪਰ ਜਹਾਜ਼ ਆਪਣੇ ਰਸਤੇ ਤੋਂ ਭਟਕ ਗਿਆ ਅਤੇ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋ ਗਿਆ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰਬੰਧਨ ਕਰਨ ਵਾਲੀ ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਦੇ ਸੂਤਰਾਂ ਨੇ ਦੱਸਿਆ ਕਿ ਉਡਾਣ ਦੌਰਾਨ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ।

ਸਥਾਨਕ ਹਵਾਈ ਅੱਡਾ ਕੰਟਰੋਲ ਰੂਮ ਨੇ ਜਹਾਜ਼ ਨੂੰ ਦਿੱਲੀ ਵਾਪਸ ਪਰਤਣ ਦਾ ਨਿਰਦੇਸ਼ ਦਿੱਤਾ ਜਿੱਥੇ ਇਹ ਸੁਰੱਖਿਅਤ ਉਤਰ ਗਿਆ। ਕਰੀਬ 2 ਘੰਟੇ ਬਾਅਦ ਲੋੜੀਂਦੀ ਇਜਾਜ਼ਤ ਲੈਣ ਤੋਂ ਬਾਅਦ, ਜਹਾਜ਼ ਨੇ ਦੁਬਾਰਾ ਅੰਮ੍ਰਿਤਸਰ ਲਈ ਉਡਾਣ ਭਰੀ ਅਤੇ 22 ਅਤੇ 23 ਜੂਨ ਦੀ ਦਰਮਿਆਨੀ ਰਾਤ ਨੂੰ 2:20 ਵਜੇ ਇੱਥੇ ਉਤਰਿਆ।

ਨਤੀਜੇ ਵਜੋਂ, ਯਾਤਰੀਆਂ ਨੂੰ ਕਰੀਬ ਚਾਰ ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਫਲਾਈਟ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਡੇਢ ਮੀਲ ਤੋਂ ਵੱਧ ਨਹੀਂ ਗਈ ਸੀ। ਉਨ੍ਹਾਂ ਇਸ ਨੂੰ ਕੁਝ ਵੀ ਅਸਧਾਰਨ ਨਹੀਂ ਦੱਸਿਆ। ਫਲਾਈਟ ਨੂੰ ਦਿੱਲੀ ਡਾਇਵਰਟ ਕਰਨ ਦੇ ਕਾਰਨ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪਾਇਲਟ ਨੇ ਸਥਾਨਕ ਹਵਾਈ ਅੱਡੇ 'ਤੇ ਪਹੁੰਚ ਕੀਤੀ ਸੀ ਪਰ ਉਹ ਸਥਿਰ (stabilize) ਨਹੀਂ ਕਰ ਸਕਿਆ, ਇਸ ਲਈ ਇਸ ਨੂੰ ਵਾਪਸ ਭੇਜ ਦਿੱਤਾ ਗਿਆ।
  ਖਾਸ ਖਬਰਾਂ