View Details << Back

LPG shortage: ਪਿੰਡਾਂ ਤੋਂ ਸ਼ਹਿਰਾਂ ਤਕ ਨਵਾਂ ਸੰਕਟ; ਪਰਵਾਸੀ ਮਜ਼ਦੂਰਾਂ ਘਰਾਂ ਨੂੰ ਪਰਤਣ ਲੱਗੇ

  ਨਾ ਤਾਂ ਚੋਣਾਂ ਹਨ ਅਤੇ ਨਾ ਹੀ ਕੋਈ ਮਹਾਂਮਾਰੀ ਪਰ ਪਰਵਾਸੀ ਮਜ਼ਦੂਰ ਆਪਣਾ ਸਾਮਾਨ ਬੰਨ੍ਹ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਆਪਣੇ ਜੱਦੀ ਪਿੰਡਾਂ ਨੂੰ ਜਾਣ ਲੱਗੇ ਹਨ। ਇਸ ਵਾਰ ਰਸੋਈ ਗੈਸ ਸਿਲੰਡਰਾਂ ਦੀ ਕਿੱਲਤ ਉਨ੍ਹਾਂ ਨੂੰ ਆਪਣੇ ਕੰਮਕਾਰ ਛੱਡਣ ਲਈ ਮਜਬੂਰ ਕਰ ਰਹੀ ਹੈ।

ਮੱਧ ਪੂਰਬ ਵਿੱਚ ਲੱਗੀ ਜੰਗ ਕਾਰਨ ਰਸੋਈ ਗੈਸ ਪਹਿਲਾਂ ਵਾਂਗ ਸੌਖੀ ਨਹੀਂ ਮਿਲਦੀ। ਬਾਹਰੀ ਸੂਬਿਆਂ ਤੋਂ ਹੋਣ ਕਾਰਨ ਜ਼ਿਆਦਾਤਰ ਕਾਮਿਆਂ ਦੇ ਇੱਥੇ ਗੈਸ ਕੁਨੈਕਸ਼ਨ ਨਹੀਂ ਹਨ। ਇਨ੍ਹਾਂ ਵਿੱਚੋਂ ਬਹੁਤੇ ਕਾਮੇ ਪੰਜਾਬ ਦੇ ਖੇਤਾਂ, ਉਸਾਰੀ ਕੰਪਨੀਆਂ, ਛੋਟੀਆਂ ਫੈਕਟਰੀਆਂ, ਖਾਣ-ਪੀਣ ਦੀਆਂ ਦੁਕਾਨਾਂ ਅਤੇ ਘਰੇਲੂ ਸਹਾਇਕ ਵਜੋਂ ਕੰਮ ਕਰਦੇ ਹਨ।

ਫੋਕਲ ਪੁਆਇੰਟ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਨਰਿੰਦਰ ਐੱਸ ਸੱਗੂ ਨੇ ਕਿਹਾ, “ਸਾਡੇ ਜ਼ਿਆਦਾਤਰ ਕਾਮਿਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਆਪਣੇ ਸੂਬਿਆਂ ਵਿੱਚ ਘਰਾਂ ਵਿੱਚ ਨਿਯਮਤ ਗੈਸ ਕੁਨੈਕਸ਼ਨ ਹਨ। ਇੱਥੇ ਉਹ ਛੋਟੇ ਸਿਲੰਡਰਾਂ ਨਾਲ ਗੁਜ਼ਾਰਾ ਕਰਦੇ ਸਨ ਜੋ ਪਹਿਲਾਂ ਖੁੱਲ੍ਹੇ ਬਾਜ਼ਾਰ ਵਿੱਚ ਆਮ ਮਿਲ ਜਾਂਦੇ ਸਨ ਪਰ ਹੁਣ ਹਰ ਬੀਤਦੇ ਦਿਨ ਨਾਲ ਗੁਜ਼ਾਰਾ ਔਖਾ ਹੁੰਦਾ ਜਾ ਰਿਹਾ ਹੈ।”

ਸੱਗੂ ਨੇ ਕਿਹਾ ਕਿ ਉਹ ਆਪਣੇ ਘੱਟੋ-ਘੱਟ 20 ਫੀਸਦੀ ਕਰਮਚਾਰੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇਣ ਦੇ ਬਾਵਜੂਦ ਰੁਕਣ ਲਈ ਮਨਾ ਨਹੀਂ ਸਕੇ।

ਕੁੱਝ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕੰਮ ਵਾਲੀ ਥਾਂ ਜਾਂ ਰਿਹਾਇਸ਼ 'ਤੇ ਬਾਲਣ ਵਾਲੀ ਲੱਕੜ ਨਹੀਂ ਵਰਤਣ ਦਿੱਤੀ ਜਾ ਰਹੀ, ਜਿਸ ਕਾਰਨ ਦੋ ਡੰਗ ਦੀ ਰੋਟੀ ਬਣਾਉਣੀ ਮੁਸ਼ਕਲ ਹੋ ਰਹੀ ਹੈ। ਲੁਧਿਆਣਾ ਵਿੱਚ ਇੱਕ ਕਰੌਕਰੀ ਸਟੋਰ ਵਿੱਚ ਕੰਮ ਕਰਨ ਵਾਲੇ ਕੁਲਦੀਪ ਕੁਮਾਰ ਨੇ ਕਿਹਾ, “ਬਾਜ਼ਾਰ ਵਿੱਚ ਛੋਟਾ ਸਿਲੰਡਰ ਨਹੀਂ ਮਿਲ ਰਿਹਾ। ਮੈਂ ਹੁਣ ਦਰੱਖਤਾਂ ਹੇਠੋਂ ਇਕੱਠੀ ਕੀਤੀ ਲੱਕੜ ਨਾਲ ਖਾਣਾ ਬਣਾ ਰਿਹਾ ਹਾਂ। ਇਸ ਦੇ ਨਾਲ ਹੀ, ਮੈਂ ਇਥੇ ਆਪਣੇ ਜੱਦੀ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਆਪਣੇ ਵਿਹੜਿਆਂ ਵਿੱਚ ਲੱਕੜ ਬਾਲਣ ਦੀ ਇਜਾਜ਼ਤ ਨਹੀਂ ਹੈ।”

ਵਰਲਡ MSME ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਹਾਲਾਂਕਿ ਕਿਹਾ ਕਿ ਵੱਡੀ ਗਿਣਤੀ ਵਿੱਚ ਮਜ਼ਦੂਰ ਹਰ ਸਾਲ ਵਾਢੀ ਦੇ ਸੀਜ਼ਨ ਦੌਰਾਨ ਇਸ ਸਮੇਂ ਘਰ ਵਾਪਸ ਜਾਂਦੇ ਹਨ। ਉਨ੍ਹਾਂ ਕਿਹਾ, “ਇਹ ਇੱਕ ਆਮ ਰੁਝਾਨ ਹੈ, ਪਰ ਇਸ ਸਾਲ ਵੱਡੀ ਗਿਣਤੀ ਪਰਵਾਸੀ ਆਪਣੇ ਪਿੰਡਾਂ ਨੂੰ ਪਰਤ ਰਹੇ ਹਨ। ਇਸ ਦਾ ਆਮ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਲਈ ਰੋਜ਼ਾਨਾ ਖਾਣੇ ਦਾ ਪ੍ਰਬੰਧ ਕਰਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ।”

ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ (ਅੰਮ੍ਰਿਤਸਰ) ਦੇ ਪ੍ਰਧਾਨ ਰਾਮ ਭਵਨ ਗੋਸਵਾਮੀ ਨੇ ਦੱਸਿਆ ਕਿ ਪੰਜਾਬ ਵਿੱਚ ਲਗਪਗ 35 ਲੱਖ ਮਜ਼ਦੂਰਾਂ ਵਿੱਚੋਂ ਤਕਰੀਬਨ 40,000 ਤੋਂ 50,000 ਮਜ਼ਦੂਰ ਹਰ ਸਾਲ ਇਸ ਸਮੇਂ ਦੌਰਾਨ ਆਪਣੇ ਜੱਦੀ ਪਿੰਡਾਂ ਨੂੰ ਪਰਤਦੇ ਹਨ। ਉਨ੍ਹਾਂ ਕਿਹਾ, “ਰਸੋਈ ਗੈਸ ਦੀ ਕਿੱਲਤ ਨਿਸ਼ਚਿਤ ਤੌਰ 'ਤੇ ਇਸ ਵਾਰ ਕਈ ਹੋਰਾਂ ਨੂੰ ਉਨ੍ਹਾਂ ਨਾਲ ਜਾਣ ਲਈ ਮਜਬੂਰ ਕਰ ਰਹੀ ਹੈ।”

ਅੰਮ੍ਰਿਤਸਰ ਵਿੱਚ ਫੋਕਲ ਪੁਆਇੰਟ ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਡਾਲਮੀਆ ਨੇ ਕਿਹਾ ਕਿ ਉਨ੍ਹਾਂ ਦੀ ਯੂਨਿਟ ਵਿੱਚ ਇੱਕ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਕਾਮੇ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਸਾਧਾਰਨ ਭੋਜਨ ਦਾ ਪ੍ਰਬੰਧ ਕਰਨਾ ਵੀ ਰੋਜ਼ਾਨਾ ਦਾ ਸੰਘਰਸ਼ ਬਣ ਗਿਆ ਹੈ, ਜੋ ਹੁਣ ਰੁਜ਼ਗਾਰ ਨਾਲੋਂ ਵੀ ਵੱਧ ਜ਼ਰੂਰੀ ਜਾਪਦਾ ਹੈ।

ਰਸੋਈ ਗੈਸ ਦੀ ਇਸ ਕਿੱਲਤ ਅਤੇ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਨੇ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਵੀ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਅਪਰੈਲ ਦਾ ਮਹੀਨਾ ਵਾਢੀ ਦਾ ਸਮਾਂ ਹੁੰਦਾ ਹੈ ਅਤੇ ਕਿਸਾਨਾਂ ਨੂੰ ਇਸ ਦੌਰਾਨ ਵੱਡੀ ਗਿਣਤੀ ਵਿੱਚ ਲੇਬਰ ਦੀ ਲੋੜ ਹੁੰਦੀ ਹੈ। ਕਣਕ ਦੀ ਵਾਢੀ ਤੋਂ ਬਾਅਦ ਫ਼ਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿੱਥੇ ਬੋਰੀਆਂ ਭਰਨ, ਤੁਲਾਈ ਅਤੇ ਲੋਡਿੰਗ ਦਾ ਜ਼ਿਆਦਾਤਰ ਕੰਮ ਇਨ੍ਹਾਂ ਮਜ਼ਦੂਰਾਂ ਦੇ ਸਿਰ ’ਤੇ ਹੀ ਨਿਰਭਰ ਕਰਦਾ ਹੈ।

ਇਸ ਤੋਂ ਕੁਝ ਸਮਾਂ ਬਾਅਦ ਜੀਰੀ ਲਈ ਵੀ ਲੇਬਰ ਦੀ ਜ਼ਰੂਰਤ ਪੈਂਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇ ਜੰਗ ਨਾ ਰੁਕੀ ਅਤੇ ਈਂਧਨ ਦੇ ਹਾਲਾਤ ਇਸੇ ਤਰ੍ਹਾਂ ਚੁਣੌਤੀਪੂਰਨ ਰਹੇ, ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਸਮੇਤ ਸਾਰੇ ਪ੍ਰਮੁੱਖ ਖੇਤਰਾਂ, ਖਾਸ ਕਰਕੇ ਕਿਸਾਨਾਂ ਲਈ ਹਾਲਾਤ ਬੇਹੱਦ ਔਖੇ ਹੋ ਸਕਦੇ ਹਨ। ਮਜ਼ਦੂਰਾਂ ਦੀ ਕਮੀ ਕਾਰਨ ਨਾ ਸਿਰਫ਼ ਵਾਢੀ ਪ੍ਰਭਾਵਿਤ ਹੋਵੇਗੀ, ਸਗੋਂ ਖੇਤੀ ਲਾਗਤਾਂ ਵਿੱਚ ਵੀ ਭਾਰੀ ਵਾਧਾ ਹੋਣ ਦਾ ਖ਼ਦਸ਼ਾ ਹੈ।
  ਖਾਸ ਖਬਰਾਂ