View Details << Back

ਲੌਕਡਾਊਨ ਦੀ ਕੋਈ ਸੰਭਾਵਨਾ ਨਹੀਂ: ਭਗਵੰਤ ਮਾਨ

  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਜੰਗ ਕਰ ਕੇ ਪੂਰੀ ਦੁਨੀਆ ਵਿੱਚ ਤਣਾਅ ਹੈ ਪਰ ਅਜਿਹੇ ਹਾਲਾਤ ਵਿੱਚ ਲੌਕਡਾਊਨ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ।

ਅੱਜ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੰਘੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਪੰਜਾਬ ਵਿੱਚ ਮੌਜੂਦਾ ਸਮੇਂ ਗੈਸ ਸਿਲੰਡਰ ਦਾ ਛੇ ਦਿਨ, ਪੈਟਰੋਲ ਦਾ 12 ਦਿਨ ਅਤੇ ਡੀਜ਼ਲ ਦਾ 14 ਦਿਨਾਂ ਦਾ ਭੰਡਾਰ ਮੌਜੂਦ ਹੈ; ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਕੁਝ ਜਮ੍ਹਾਂ ਕਰਨ ਦੀ ਜ਼ਰੂਰਤ ਹੈ। ਜਿਹੜੇ ਪੈਟਰੋਲ ਪੰਪਾਂ ਉੱਤੇ ਕਤਾਰਾਂ ਲੱਗਣਗੀਆਂ ਜਾਂ ਜੋ ਮਹਿੰਗੇ ਭਾਅ ਉੱਤੇ ਸਾਮਾਨ ਵੇਚਣਗੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿੱਚ ਕੁੱਲ 1,497 ਥਾਵਾਂ ’ਤੇ ਜਾਂਚ ਕੀਤੀ ਗਈ, ਜਿਸ ਦੌਰਾਨ 301 ਐੱਲ ਪੀ ਜੀ ਸਿਲੰਡਰ ਜ਼ਬਤ ਕੀਤੇ ਗਏ ਹਨ। ਸੂਬਾ ਸਰਕਾਰ ਨੇ ਐੱਲ ਪੀ ਜੀ, ਪੈਟਰੋਲ ਤੇ ਡੀਜ਼ਲ ਨਾਲ ਸਬੰਧਤ ਮਸਲਿਆਂ ਲਈ ਹੈਲਪਲਾਈਨ ਨੰਬਰ 0172-3321001 ਸ਼ੁਰੂ ਕੀਤਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਦੇ 41 ਦੇਸ਼ਾਂ ਨਾਲ ਦਰਾਮਦ ਸਮਝੌਤੇ ਹਨ ਅਤੇ ਕੌਮੀ ਪੱਧਰ ’ਤੇ 60 ਦਿਨਾਂ ਦਾ ਪੈਟਰੋਲ ਤੇ ਡੀਜ਼ਲ ਭੰਡਾਰ ਅਤੇ 30 ਦਿਨਾਂ ਦਾ ਐੱਲ ਪੀ ਜੀ ਭੰਡਾਰ ਪਹਿਲਾਂ ਹੀ ਸੁਰੱਖਿਅਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਤੇਲ ਕੀਮਤਾਂ ਸਬੰਧੀ ਕੇਂਦਰ ਸਰਕਾਰ ਦੇ ਕਦਮਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਡੀ ਏ ਪੀ ਖਾਦ ਦੀ ਨਿਯਮਤ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ, ਕਿਉਂਕਿ ਪੰਜਾਬ ਵਿਚ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਪੇਂਡੂ ਖੇਤਰਾਂ ਵਿਚ ਐੱਲ ਪੀ ਜੀ ਰੀਫਿਲ ਲਈ 45 ਦਿਨਾਂ ਦੀ ਉਡੀਕ ਮਿਆਦ ਨੂੰ ਵੀ ਸ਼ਹਿਰੀ ਖੇਤਰਾਂ ਦੇ ਬਰਾਬਰ 25 ਦਿਨ ਤੱਕ ਘਟਾਉਣਾ ਚਾਹੀਦਾ ਹੈ। ਉਨ੍ਹਾਂ ਕਣਕ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਪੈਟਰੋਲ-ਡੀਜ਼ਲ ਦੀ ਮੰਗ ਕੀਤੀ ਹੈ ਤਾਂ ਜੋ ਕਣਕ ਦੀ ਵਾਢੀ ਪ੍ਰਭਾਵਿਤ ਨਾ ਹੋਵੇ। ਮੱਧ ਏਸ਼ਿਆਈ ਤਣਾਅ ਦੌਰਾਨ ਕੇਂਦਰ ਦੀ ਚੁੱਪ ’ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਗੁਰੂ ਬਣਨ ਵਾਲਾ ਦੇਸ਼ ਅੱਜ ‘ਵਿਸ਼ਵ ਚੇਲਾ’ ਬਣ ਗਿਆ ਹੈ, ਜਿਸ ਨੂੰ ਅਮਰੀਕਾ ਸਥਿਤ ਵ੍ਹਾਈਟ ਹਾਊਸ ਤੋਂ ਮਹੀਨੇ ਲਈ ਤੇਲ ਖ਼ਰੀਦਣ ਦੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਗ਼ਲਤ ਹੈ।
  ਖਾਸ ਖਬਰਾਂ