View Details << Back

ਕੋਟਾ ’ਚ ਸਾੜਿਆ ਜਾਵੇਗਾ ਦੁਨੀਆ ਦਾ ਸਭ ਤੋਂ ਉੱਚਾ ਰਾਵਣ, ਅੰਬਾਲਾ ਦੇ ਕਾਰੀਗਰ ਨੇ ਤਿਆਰ ਕੀਤਾ 221 ਫੁੱਟ ਦਾ ਪੁਤਲਾ

  ਰਾਜਸਥਾਨ ਦੇ ਕੋਟਾ ’ਚ ਇਸ ਸਾਲ ਦੁਸਹਿਰੇ ਮੌਕੇ ਦੁਨੀਆ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ। ਲਗਪਗ ਚਾਰ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਅੰਬਾਲਾ ਦੇ ਕਾਰੀਗਰ ਤਜਿੰਦਰ ਚੌਹਾਨ ਨੇ 221 ਫੁੱਟ ਉੱਚਾ ਰਾਵਣ ਤਿਆਰ ਕੀਤਾ ਹੈ ਜਿਸ ਦਾ ਵਜ਼ਨ ਸਾਢੇ 13 ਹਜ਼ਾਰ ਕਿੱਲੋ ਹੈ। ਦੁਨੀਆ ਦੇ ਸਭ ਤੋਂ ਉੱਚੇ ਰਾਵਣ ਨੂੰ ਬਣਾਉਣ ਵਿਚ ਲਗਪਗ 44 ਲੱਖ ਰੁਪਏ ਦੀ ਲਾਗਤ ਆਈ ਹੈ। ਜਾਣਕਾਰੀ ਮੁਤਾਬਕ, ਹੁਣ ਤੱਕ ਦਿੱਲੀ ਨੇੜੇ 210 ਫੁੱਟ ਉੱਚੇ ਰਾਵਣ ਦਹਿਨ ਦਾ ਰਿਕਾਰਡ ਹੈ।

ਸੋਮਵਾਰ ਰਾਤ ਰਾਵਣ ਦਾ ਪੁਤਲਾ ਕੋਟਾ ਦੀ ਦੁਸਹਿਰਾ ਗਰਾਊਂਡ ਵਿਚ ਲਿਆਂਦਾ ਗਿਆ। ਦੁਸਹਿਰਾ ਮੇਲਾ ਕਮੇਟੀ ਦੇ ਪ੍ਰਧਾਨ ਵਿਵੇਕ ਰਾਜਵੰਸ਼ੀ ਨੇ ਦੱਸਿਆ ਕਿ ਪੁਤਲੇ ਨੂੰ ਲੈ ਕੇ ਕੋਟਾ ਦਾ ਨਾਂ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਤੇ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਜਾਵੇਗਾ। ਦਿੱਲੀ ਤੋਂ ਚਾਰ ਵੱਖ-ਵੱਖ ਟੀਮਾਂ ਕੋਟਾ ਪੁੱਜੀਆਂ ਹਨ ਜਿਨ੍ਹਾਂ ਵਿਚ ਏਸ਼ੀਆ ਰਿਕਾਰਡ ਤੇ ਇੰਡੀਆ ਬੁੱਕ ਦੇ ਨੁਮਾਇੰਦੇ ਵੀ ਸ਼ਾਮਲ ਹਨ। ਉਨ੍ਹਾਂ ਨੇ ਰਾਵਣ ਦੇ ਪੁਤਲੇ ਦੀ ਉਚਾਈ ਮਾਪਣ ਦੇ ਨਾਲ-ਨਾਲ ਹੋਰ ਤੱਥ ਵੀ ਦੇਖੇ ਹਨ। ਉਨ੍ਹਾਂ ਦੱਸਿਆ ਕਿ ਪੁਤਲੇ ਨੂੰ ਦੋ ਕ੍ਰੇਨਾਂ ਦੀ ਮਦਦ ਨਾਲ ਦੁਸਹਿਰਾ ਮੈਦਾਨ ਵਿਚ ਖੜ੍ਹਾ ਕੀਤਾ ਗਿਆ ਹੈ। ਸੁਰੱਖਿਆ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।

ਪੁਤਲਾ ਬਣਾਉਣ ਵਾਲੇ ਕਾਰੀਗਰ ਤਜਿੰਦਰ ਚੌਹਾਨ ਨੇ ਦੱਸਿਆ ਕਿ ਇਸ ਦਾ ਚਿਹਰਾ 25 ਫੁੱਟ ਦਾ ਹੈ ਅਤੇ ਫਾਈਬਰ ਗਲਾਸ ਨਾਲ ਬਣਿਆ ਹੈ। ਰਾਵਣ ਦੇ ਸਿਰ ’ਤੇ 58 ਫੁੱਟ ਦਾ ਮੁਕਟ ਹੈ ਜਿਸ ਵਿਚ ਰੰਗ-ਬਰੰਗੀਆਂ ਲਾਈਟਾਂ ਲਗਾਈਆਂ ਗਈਆਂ ਹਨ। ਇਸ ਵਿਚ ਤਲਵਾਰ 50 ਫੁੱਟ ਲੰਬੀ ਅਤੇ ਜੁੱਤੀਆਂ 40 ਫੁੱਟ ਦੀਆਂ ਹਨ। ਪੁਤਲੇ ਵਿਚ 25 ਰਿਮੋਟ ਕੰਟਰੋਲ ਪੁਆਇੰਟ ਲਗਾਏ ਗਏ ਹਨ ਜਿਨ੍ਹਾਂ ਨਾਲ ਆਤਿਸ਼ਬਾਜ਼ੀ ਹੋਵੇਗੀ। ਇਸ ਦੇ ਨਾਲ ਹੀ ਮੇਘਨਾਥ ਤੇ ਕੁੰਭਕਰਨ ਦੇ ਪੁਤਲੇ 60-60 ਫੁੱਟ ਉੱਚੇ ਬਣਾਏ ਗਏ ਹਨ। ਤਿੰਨਾਂ ਪੁਤਲਿਆਂ ਵਿਚ ਗ੍ਰੀਨ ਪਟਾਕੇ ਲਗਾਏ ਗਏ ਹਨ। ਰਾਵਣ ਦੇ ਪੁਤਲੇ ਵਿਚ 15 ਹਜ਼ਾਰ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਵਿਚ ਚਾਰ-ਚਾਰ ਹਜ਼ਾਰ ਗ੍ਰੀਨ ਪਟਾਕੇ ਲਗਾਏ ਗਏ ਹਨ।
  ਖਾਸ ਖਬਰਾਂ