View Details << Back

ਨੇਪਾਲ ’ਚ ਫਸੇ ਭਾਰਤੀਆਂ ਤੱਕ ਪੁੱਜਣ ਲੱਗੀ ਮਦਦ, ਕਾਠਮੰਡੂ ਏਅਰਪੋਰਟ ’ਤੇ ਫਸੇ ਭਾਰਤੀਆਂ ਨੂੰ ਲਿਆਉਣਗੀਆਂ ਏਅਰ ਇੰਡੀਆ ਤੇ ਇੰਡੀਗੋ

  ਨੇਪਾਲ ’ਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਹਿੰਸਕ ਅੰਦੋਲਨ ਕਾਰਨ ਕਾਠਮੰਡੂ ਸਥਿਤ ਤ੍ਰਿਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੈਂਕੜੇ ਭਾਰਤੀ ਯਾਤਰੀ ਫਸੇ ਹੋਏ ਹਨ। ਇਸ ਸਬੰਧ ’ਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਭਾਰਤ ਦੀਆਂ ਨਿੱਜੀ ਹਵਾਈ ਕੰਪਨੀਆਂ, ਏਅਰ ਇੰਡੀਆ ਅਤੇ ਇੰਡੀਗੋ ਨੂੰ ਕਾਠਮੰਡੂ ਏਅਰਪੋਰਟ ਤੋਂ ਭਾਰਤੀਆਂ ਨੂੰ ਬਾਹਰ ਕੱਢਣ ਲਈ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।

ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਹੈ ਕਿ ਬੁੱਧਵਾਰ ਸ਼ਾਮ ਤੋਂ ਏਅਰ ਇੰਡੀਆ ਅਤੇ ਇੰਡੀਗੋ ਦੇ ਨਾਲ ਮਿਲ ਕੇ ਵਾਧੂ ਉਡਾਣਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਭਾਰਤੀ ਯਾਤਰੀਆਂ ਨੂੰ ਦੇਸ਼ ਵਾਪਸ ਲਿਆ ਸਕੀਏ। ਇਹ ਉਡਾਣਾਂ ਅਗਲੇ ਕੁਝ ਦਿਨਾਂ ਤੱਕ ਚੱਲਣਗੀਆਂ। ਇਸ ਦੇ ਨਾਲ ਹੀ, ਵੀਰਵਾਰ ਤੋਂ ਪਹਿਲਾਂ ਤੋਂ ਨਿਰਧਾਰਿਤ ਉਡਾਣ ਸੇਵਾਵਾਂ ਦੇ ਆਮ ਹੋਣ ਦੀ ਸੰਭਾਵਨਾ ਵੀ ਹੈ। ਨਾਇਡੂ ਨੇ ਇਹ ਵੀ ਦੱਸਿਆ ਕਿ ਹਵਾਈ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਉਡਾਣਾਂ ਦੇ ਕਿਰਾਏ ਨੂੰ ਸੰਤੁਲਿਤ ਰੱਖਣ ਅਤੇ ਇਸ ’ਚ ਵਾਧਾ ਨਾ ਕਰਨ ਦੀ ਕੋਸ਼ਿਸ਼ ਕਰਨ।

ਉਸੇ ਸਮੇਂ, ਵਿਦੇਸ਼ ਮੰਤਰਾਲੇ ਨੇ ਨੇਪਾਲ ਰਾਹੀਂ ਮਾਨਸਰੋਵਰ ਯਾਤਰਾ ਕਰਨ ਵਾਲੇ ਭਾਰਤੀ ਤੀਰਥਯਾਤਰੀਆਂ ਨੂੰ ਵਿਸ਼ੇਸ਼ ਤੌਰ 'ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਨੇਪਾਲ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਨਿੱਜੀ ਟੂਰ ਆਪਰੇਟਰਾਂ ਰਾਹੀਂ ਮਾਨਸਰੋਵਰ ਜਾਣ ਵਾਲੇ ਤੀਰਥਯਾਤਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ। ਬੀਜਿੰਗ ਸਥਿਤ ਭਾਰਤੀ ਦੂਤਘਰ ਨੇ ਵੀ ਇਸ ਸਬੰਧ ’ਚ ਇਕ ਜਾਣਕਾਰੀ ਜਾਰੀ ਕੀਤੀ ਹੈ, ਜਿਸ ’ਚ ਚੀਨ ਦੇ ਤਿੱਬਤ ਦੀ ਮਾਲਕੀ ਵਾਲੇ ਖੇਤਰ ’ਚ ਫਸੇ ਭਾਰਤੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਖੇਤਰ ’ਚ ਮਾਨਸਰੋਵਰ ਯਾਤਰਾ ਦਾ ਆਯੋਜਨ ਹੁੰਦਾ ਹੈ।

ਯਾਤਰੀਆਂ ਨੂੰ ਆਪਣੇ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਦੇ ਨਾਲ ਨਾਲ ਬੀਜਿੰਗ ਸਥਿਤ ਭਾਰਤੀ ਦੂਤਘਰ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਫਾਲੋ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਤੱਕ ਬਾਹਰੀ ਸਰਗਰਮੀਆਂ ਦੀ ਜਾਣਕਾਰੀ ਪਹੁੰਚਦੀ ਰਹੇ। ਕਿਸੇ ਵੀ ਐਮਰਜੈਂਸੀ ਹਾਲਤ ’ਚ ਬੀਜਿੰਗ ਅਤੇ ਕਾਠਮੰਡੂ ਸਥਿਤ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।

ਇਸ ਸਬੰਧ ’ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਦੱਸਿਆ ਕਿ ਨੇਪਾਲ ਦੇ ਪੋਖਰਾ ਸ਼ਹਿਰ ’ਚ ਕੁਝ ਭਾਰਤੀਆਂ ਦੇ ਫਸੇ ਹੋਣ ਦਾ ਵੀਡੀਓ ਵਾਇਰਲ ਹੋਣ 'ਤੇ ਸੂਚਨਾ ਪ੍ਰਾਪਤ ਕੀਤੀ ਗਈ ਹੈ ਅਤੇ ਬੁੱਧਵਾਰ ਨੂੰ ਭਾਰਤੀ ਦੂਤਘਰ ਨੇ ਇਨ੍ਹਾਂ ਲੋਕਾਂ ਨਾਲ ਸੰਪਰਕ ਕੀਤਾ ਹੈ। ਉਪਾਸਨਾ ਗਿੱਲ ਨਾਂ ਦੀ ਭਾਰਤੀ ਲੜਕੀ ਨੇ ਉਥੇ ਫਸੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਮਦਦ ਦੀ ਗੁਹਾਰ ਲਗਾਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਮਦਦ ਪਹੁੰਚਾ ਦਿੱਤੀ ਹੈ। ਇਸ ਦੌਰਾਨ, ਵੱਖ-ਵੱਖ ਸੂਬਾ ਸਰਕਾਰਾਂ ਨੇ ਨੇਪਾਲ ’ਚ ਫਸੇ ਆਪਣੇ ਨਿਵਾਸੀਆਂ ਨੂੰ ਬਾਹਰ ਕੱਢਣ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
  ਖਾਸ ਖਬਰਾਂ