View Details << Back

ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਬੰਦ ਕਰਨ ਬਾਰੇ ਕੋਈ ਸਪੱਸ਼ਟਤਾ ਨਹੀਂ

  ਭਾਰਤ ਨੇ ਸ਼ਨਿੱਚਰਵਾਰ ਨੂੰ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਕੀਤਾ ਕਿ ਉਸ ਨੇ ਰੂਸੀ ਕੱਚੇ ਤੇਲ ਦੀ ਖਰੀਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਗ਼ੌਰਤਲਬ ਹੈ ਕਿ ਅਮਰੀਕਾ ਨੇ ਭਾਰਤੀ ਵਸਤਾਂ ’ਤੇ ਲਗਾਏ ਗਏ 25 ਫੀਸਦੀ ਦੰਡਕਾਰੀ ਟੈਕਸ ਨੂੰ ਵਾਪਸ ਲੈ ਲਿਆ ਹੈ, ਜੋ ਕਿ ਨਵੀਂ ਦਿੱਲੀ ਦੁਆਰਾ ਰੂਸ ਤੋਂ ਪੈਟਰੋਲੀਅਮ ਉਤਪਾਦਾਂ ਦੀ ਖਰੀਦ ਕਾਰਨ ਲਗਾਇਆ ਗਿਆ ਸੀ।ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 25 ਫੀਸਦੀ ਵਾਧੂ ਟੈਕਸ ਨੂੰ ਹਟਾਉਣ ਦੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ। ਇਹ ਕਦਮ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ਨਾਲ ਇੱਕ ਵਪਾਰਕ ਸਮਝੌਤੇ ਦੇ ਐਲਾਨ ਤੋਂ ਕੁਝ ਦਿਨ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵਾਸ਼ਿੰਗਟਨ ਭਾਰਤੀ ਵਸਤਾਂ 'ਤੇ ਟੈਕਸ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦੇਵੇਗਾ, ਬਦਲੇ ਵਿੱਚ ਭਾਰਤ ਰੂਸੀ ਤੇਲ ਦੀ ਖਰੀਦ ਬੰਦ ਕਰੇਗਾ ਅਤੇ ਵਪਾਰਕ ਰੁਕਾਵਟਾਂ ਨੂੰ ਘਟਾਏਗਾ।

ਟਰੰਪ ਨੇ ਕਾਰਜਕਾਰੀ ਹੁਕਮਾਂ ਵਿੱਚ ਕਿਹਾ, "ਖਾਸ ਤੌਰ 'ਤੇ, ਭਾਰਤ ਨੇ ਰੂਸੀ ਸੰਘ ਦੇ ਤੇਲ ਦੀ ਸਿੱਧੀ ਜਾਂ ਅਸਿੱਧੀ ਦਰਾਮਦ ਬੰਦ ਕਰਨ ਦਾ ਵਾਅਦਾ ਕੀਤਾ ਹੈ, ਇਹ ਪ੍ਰਤੀਨਿਧਤਾ ਕੀਤੀ ਹੈ ਕਿ ਉਹ ਸੰਯੁਕਤ ਰਾਜ ਤੋਂ ਊਰਜਾ ਉਤਪਾਦ ਖਰੀਦੇਗਾ ਅਤੇ ਹਾਲ ਹੀ ਵਿੱਚ ਅਗਲੇ 10 ਸਾਲਾਂ ’ਚ ਰੱਖਿਆ ਸਹਿਯੋਗ ਵਧਾਉਣ ਲਈ ਸੰਯੁਕਤ ਰਾਜ ਦੇ ਨਾਲ ਇੱਕ ਢਾਂਚੇ ਲਈ ਵਚਨਬੱਧਤਾ ਜਤਾਈ ਹੈ।"

ਕਾਰਜਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇ ਅਮਰੀਕੀ ਵਣਜ ਸਕੱਤਰ ਨੂੰ ਪਤਾ ਲੱਗਦਾ ਹੈ ਕਿ ਭਾਰਤ ਨੇ ਰੂਸੀ ਤੇਲ ਦੀ ਸਿੱਧੀ ਜਾਂ ਅਸਿੱਧੀ ਦਰਾਮਦ ਮੁੜ ਸ਼ੁਰੂ ਕਰ ਦਿੱਤੀ ਹੈ, ਤਾਂ ਟਰੰਪ ਦੀ ਟੀਮ ਸਿਫਾਰਸ਼ ਕਰੇਗੀ ਕਿ "ਕੀ ਅਤੇ ਕਿਸ ਹੱਦ ਤੱਕ ਮੈਨੂੰ ਭਾਰਤ ਦੇ ਵਿਰੁੱਧ ਵਾਧੂ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਵਿੱਚ ਭਾਰਤ ਦੀਆਂ ਵਸਤੂਆਂ ਦੀ ਦਰਾਮਦ 'ਤੇ 25 ਫੀਸਦੀ ਦੀ ਵਾਧੂ ਡਿਊਟੀ ਮੁੜ ਲਗਾਉਣਾ ਸ਼ਾਮਲ ਹੈ।"
  ਖਾਸ ਖਬਰਾਂ