View Details << Back

ਖਾਲਿਸਤਾਨੀਆਂ ਦੇ ਹਮਲੇ ਮਾਮਲੇ ’ਚ ਬਰਤਾਨੀਆ ’ਤੇ ਭਾਰਤ ਨੂੰ ਭਰੋਸਾ ਨਹੀਂ, ਐੱਸ ਜੈਸ਼ੰਕਰ ਸੁਰੱਖਿਆ ਕੁਤਾਹੀ ਮਾਮਲੇ 'ਚ ਬੋਲਿਆ ਵਿਦੇਸ਼ ਮੰਤਰਾਲਾ

  ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਕਾਫਲੇ ’ਤੇ ਲੰਡਨ ’ਚ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੀ ਉੱਥੋਂ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਿੰਦਾ ਕੀਤੀ ਹੈ ਤੇ ਅਫਸੋਸ ਪ੍ਰਗਟਾਇਆ ਹੈ। ਨਾਲ ਹੀ ਸਾਰੇ ਵਿਦੇਸ਼ੀ ਮਹਿਮਾਨਾਂ ਨੂੰ ਪੂਰੀ ਸੁਰੱਖਿਆ ਦੇਣ ਦੀ ਗੱਲ ਦੋਹਰਾਈ ਹੈ ਪਰ ਭਾਰਤ ਬਰਤਾਨਵੀ ਸਰਕਾਰ ਦੇ ਇਸ ਭਰੋਸੇ ’ਤੇ ਕੋਈ ਭਰੋਸਾ ਨਹੀਂ ਕਰਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਹੋ ਚੁੱਕਾ ਹੈ ਤੇ ਬਰਤਾਨਵੀ ਸਰਕਾਰ ਉਸ ਨੂੰ ਰੋਕਣ ’ਚ ਅਸਮਰੱਥ ਰਹੀ। ਅਜਿਹੇ ’ਚ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਖਾਲਿਸਤਾਨੀ ਵੱਖਵਾਦੀਆਂ ਦੇ ਖਿਲਾਫ਼ ਬਰਤਾਨੀਆ ’ਚ ਕਦਮ ਚੁੱਕਿਆ ਜਾਵੇਗਾ ਤਾਂ ਉਸਨੂੰ ਉਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਹੋਵੇਗਾ।

ਭਾਰਤ ਨੇ ਇਹ ਗੱਲ ਵੀ ਦੋਟੁੱਕ ਕਹੀ ਕਿ ਖਾਲਿਸਤਾਨੀ ਵੱਖਵਾਦੀ ਤੇ ਅੱਤਵਾਦੀਆਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੰਮ ਕਰਨ ਦਾ ਲਾਇਸੈਂਸ ਮਿਲ ਗਿਆ ਹੈ। ਭਾਰਤ ਦੇ ਇਸ ਰੁਖ਼ ਤੋਂ ਸਾਫ਼ ਹੈ ਕਿ ਦੋ ਦਿਨ ਪਹਿਲਾਂ ਲੰਡਨ ’ਚ ਵਿਦੇਸ਼ ਮੰਤਰੀ ਜੈਸ਼ੰਕਰ ਦੇ ਨਾਲ ਜਿਹੜੀ ਘਟਨਾ ਵਾਪਰੀ, ਉਹ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ’ਤੇ ਮਾੜਾ ਅਸਰ ਪਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਦੀ ਸੁਰੱਖਿਆ ’ਚ ਲੰਡਨ ’ਚ ਲੱਗੀ ਸੰਨ੍ਹ ਨੂੰ ਲੈ ਕੇ ਅਸੀਂ ਕਾਫ਼ੀ ਚਿੰਤਤ ਹਾਂ। ਅਸੀਂ ਯੂਕੇ ਸਰਕਾਰ ਨਾਲ ਵੀ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਇਸ ਘਟਨਾ ਦੇ ਪਿੱਛੇ ਇਕ ਹਵਾਲਾ ਹੈ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸਲ ’ਚ ਜਿਹੜੇ ਉੱਥੇ ਖਾਲਿਸਤਾਨੀ ਵੱਖਵਾਦੀ ਤੇ ਅੱਤਵਾਦੀ ਅਨਸਰ ਰਹਿ ਰਹੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੰਮ ਕਰਨ ਦਾ ਉਨ੍ਹਾਂ ਨੂੰ ਲਾਇਸੈਂਸ ਹੈ ਤੇ ਇਸ ਨੂੰ ਰੋਕਣ ਲਈ ਜਿਹੜੇ ਸਬੰਧਤ ਅਧਿਕਾਰੀ ਹਨ, ਉਹ ਜਾਂ ਤਾਂ ਇਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਾਂ ਅਣਦੇਖੀ ਕਰ ਦਿੰਦੇ ਹਨ। ਇਹੀ ਕਾਰਨ ਹੈ ਕਿ ਇਹ ਅਨਸਰ ਸਾਨੂੰ ਧਮਕਾਉਣ ਤੇ ਡਰਾਉਣ ਦਾ ਕੰਮ ਕਰਦੇ ਹਨ, ਜਿਸ ਨਾਲ ਕੂਟਨੀਤਕ ਕੰਮ ਕਰਨ ’ਚ ਰੁਕਾਵਟ ਆਉਂਦੀ ਹੈ। ਬਰਤਾਨਵੀ ਸਰਕਾਰ ਨੇ ਨਿੰਦਾ ਕੀਤੀ ਹੈ ਪਰ ਅਸੀਂ ਉਨ੍ਹਾਂ ਦੇ ਕਥਨ ’ਤੇ ਉਦੋਂ ਭਰੋਸਾ ਕਰਾਂਗੇ ਜਦੋਂ ਉਹ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ਼ ਉਚਿਤ ਕਾਰਵਾਈ ਕਰੇ।
  ਖਾਸ ਖਬਰਾਂ