View Details << Back

ਅਮਰੀਕਾ ’ਚ ਸ਼ਰਨ ਮੰਗਣ ਵਾਲੇ 66 ਫ਼ੀਸਦੀ ਪੰਜਾਬੀ, ਪੰਜ ਸਾਲਾਂ ’ਚ ਹੋਈ ਦੁੱਗਣੀ

   ਅਮਰੀਕਾ ’ਚ ਨਾਜਾਇਜ਼ ਤਰੀਕੇ ਨਾਲ ਰਹਿਣ ਵਾਲਿਆਂ ਖ਼ਿਲਾਫ਼ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤੀ ਜਾਰੀ ਹੈ। ਇਸ ਦੌਰਾਨ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਦੋ ਖੋਜੀਆਂ ਵਲੋਂ ਵਿਸ਼ਲੇਸ਼ਣ ’ਚ ਸਾਹਮਣੇ ਆਇਆ ਹੈ ਕਿ ਇੱਥੇ ਨਾਜਾਇਜ਼ ਪਰਵਾਸੀਆਂ ’ਚ ਪਿਛਲੇ ਸਾਲਾਂ ਦੌਰਾਨ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਧੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 2021 ਤੋਂ 2022 ਤੱਕ ਭਾਰਤੀ ਨਾਗਰਿਕਾਂ ਵਲੋਂ ਦਾਇਰ ਕੀਤੀਆਂ ਗਈਆਂ ਸਾਰੀਆਂ ਸ਼ਰਨ ਪਟੀਸ਼ਨਾਂ ’ਚੋਂ ਲਗਪਗ 66 ਫ਼ੀਸਦੀ ਪੰਜਾਬੀਆਂ ਵੱਲੋਂ ਦਾਖ਼ਲ ਕੀਤੀਆਂ ਗਈਆਂ ਗਈਆਂ ਸਨ। ਇਕ ਸਮੇਂ ਭਾਰਤੀ ਨਾਜਾਇਜ਼ ਪਰਵਾਸੀਆਂ ’ਚ ਹਿੰਦੀ ਭਾਸ਼ੀ ਲੋਕਾਂ ਦੀ ਹਿੱਸੇਦਾਰੀ 14 ਫ਼ੀਸਦੀ ਸੀ। ਹਾਲਾਂਕਿ 2017 ਤੇ 2022 ਦੌਰਾਨ ਇਹ ਦੁੱਗਣੀ ਹੋ ਕੇ 30 ਫ਼ੀਸਦੀ ਹੋ ਗਈ। ਇਹ ਅਧਿਐਨ 10 ਫਰਵਰੀ ਨੂੰ ਜਾਰੀ ਕੀਤਾ ਗਿਆ। ਪਿਊ ਰਿਸਰਚ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ’ਚ ਕਰੀਬ ਛੇ ਲੱਖ 75 ਹਜ਼ਾਰ ਨਾਜਾਇਜ਼ ਭਾਰਤੀ ਪਰਵਾਸੀ ਹਨ। ਅਮਰੀਕਾ ’ਚ ਕੁੱਲ ਭਾਰਤੀਆਂ ਦੀ ਗਿਣਤੀ 5.1 ਮਿਲੀਅਨ ਹੈ। ਇਹ ਭਾਰਤੀ ਪਰਵਾਸੀਆਂ ’ਚ ਵਧਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ, ਕਿਉਂਕਿ ਹੁਣ ਹਿੰਦੀ ਭਾਸ਼ੀ ਇਲਾਕਿਆਂ ਤੋਂ ਜ਼ਿਆਦਾ ਲੋਕ ਅਮਰੀਕਾ ’ਚ ਸ਼ਰਨ ਮੰਗ ਰਹੇ ਹਨ। ਹੋਰ ਭਾਸ਼ਾ ਗਰੁੱਪ ਵੀ ਪਿੱਛੇ ਨਹੀਂ ਹਨ। ਸ਼ਰਨ ਦੇ ਕੁੱਲ ਮਾਮਲਿਆਂ ’ਚ ਅੰਗਰੇਜ਼ੀ ਬੋਲਣ ਵਾਲਿਆਂ ਦਾ ਯੋਗਦਾਨ ਲਗਪਗ ਅੱਠ ਫ਼ੀਸਦੀ ਸੀ, ਜਦਕਿ ਗੁਜਰਾਤੀ ਬੋਲਣ ਵਾਲਿਆਂ ਦਾ ਯੋਗਦਾਨ 7 ਫ਼ੀਸਦੀ ਸੀ। ਇਨ੍ਹਾਂ ਭਾਰਤੀ ਭਾਸ਼ਾ ਗਰੁੱਪਾਂ ਵਲੋਂ ਸੁਣੀਆਂ ਗਈਆਂ ਪਟੀਸ਼ਨਾਂ ਦੀ ਗਿਣਤੀ ਵੀ ਹੋਰ ਭਾਸ਼ਾ ਗਰੁੱਪਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।

ਮਨਜ਼ੂਰੀ ਹਾਸਲ ਕਰਨ ਵਾਲਿਆਂ ’ਚ ਵੀ ਪੰਜਾਬੀ ਅੱਗੇ
ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਦੇ ਮੁਤਾਬਕ, ਪਿਛਲੇ ਪੰਜ ਸਾਲਾਂ ’ਚ ਅਮਰੀਕਾ ’ਚ ਸ਼ਰਨ ਚਾਹੁਣ ਵਾਲੇ ਭਾਰਤੀਆਂ ਦੀ ਗਿਣਤੀ ’ਚ 470 ਫ਼ੀਸਦੀ ਦਾ ਵਾਧਾ ਹੋਇਆ ਹੈ। 2020 ’ਚ ਭਾਰਤੀਆਂ ਦੇ ਸ਼ਰਨ ਦੇ ਦਾਅਵੇ ਜਿੱਥੇ 6,000 ਸਨ, ਉਹ 2023 ’ਚ ਵਧ ਕੇ 51 ਹਜ਼ਾਰ ਤੋਂ ਜ਼ਿਆਦਾ ਹੋ ਗਏ। ਪਰਵਾਸੀਆਂ ਦੀ ਇਹ ਗਿਣਤੀ ’ਚ ਅੱਠ ਗੁਣਾ ਵਾਧਾ ਹੈ। ਅਮਰੀਕੀ ਇਮੀਗਰੇਸ਼ਨ ਜੱਜਾਂ ਨੇ ਪੰਜਾਬੀ ਭਾਸ਼ੀਆਂ ਨਾਲ ਸਬੰਧਤ 63 ਫ਼ੀਸਦੀ ਮਾਮਲਿਆਂ ਤੇ ਹਿੰਦੀ ਭਾਸ਼ੀਆਂ ਨਾਲ ਸਬੰਧਤ 58 ਫ਼ੀਸਦੀ ਮਾਮਲਿਆਂ ਨੂੰ ਮਨਜ਼ੂਰੀ ਦਿੱਤੀ, ਪਰ ਗੁਜਰਾਤੀ ਭਾਸ਼ੀਆਂ ਵਲੋਂ ਦਾਇਰ ਸਿਰਫ਼ 25 ਫ਼ੀਸਦੀ ਮਾਮਲਿਆਂ ਨੂੰ ਹੀ ਮਨਜ਼ੂਰੀ ਦਿੱਤੀ ਗਈ।
  ਖਾਸ ਖਬਰਾਂ