View Details << Back

Donald Trump ; ਅਮਰੀਕੀ ਰਾਸ਼ਟਰਪਤੀ ਨੇ ਕੌਮਾਂਤਰੀ ਅਪਰਾਧ ਕੋਰਟ ’ਤੇ ਲਗਾਈ ਪਾਬੰਦੀ, ਕਿਹਾ - ਅਮਰੀਕਾ ਤੇ ਇਜ਼ਰਾਈਲ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ’ਤੇ ਭੁਗਤਣਾ ਪਵੇਗਾ ਖ਼ਾਮਿਆਜ਼ਾ

  ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਰਾਸ਼ਟਰੀ ਅਪਰਾਧ ਕੋਰਟ (ਆਈਸੀਸੀ) ’ਤੇ ਪਾਬੰਦੀ ਲਗਾਉਣ ਲਈ ਵੀਰਵਾਰ ਨੂੰ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਖ਼ਾਮਿਆਜ਼ਾ ਭੁਗਤਣਾ ਪਵੇਗਾ ਜਿਹੜੇ ਅਮਰੀਕਾ ਤੇ ਇਜ਼ਰਾਈਲ ਸਮੇਤ ਉਸ ਦੇ ਸਹਿਯੋਗੀਆਂ ਦੀ ਕੌਮੀ ਸੁਰੱਖਿਆ ਨੂੰ ਖਤਰਾ ਪਹੁੰਚਾਉਣ ਵਾਲੀ ਜਾਂਚ ’ਚ ਸ਼ਾਮਲ ਹੁੰਦੇ ਹਨ। ਆਈਸੀਸੀ ਨੇ ਪਿਛਲੇ ਸਾਲ ਨਵੰਬਰ ’ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਸਾਬਕਾ ਰੱਖਿਆ ਮੰਤਰੀ ਯੋਆਵ ਗੈਲੇਂਟ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।ਇਨ੍ਹਾਂ ’ਤੇ ਗਾਜ਼ਾ ਪੱਟੀ ’ਚ ਹਮਾਸ ਦੇ ਨਾਲ ਸੰਘਰਸ਼ ਦੌਰਾਨ ਮਾਨਵਤਾ ਦੇ ਖਿਲਾਫ਼ ਜੰਗੀ ਅਪਰਾਧ ਦੇ ਦੋਸ਼ ਲਗਾਏ ਗਏ ਸਨ।

ਆਈਸੀਸੀ ਨੂੰ ਇਸਦੇ ਲਈ ਅਮਰੀਕਾ ਤੇ ਇਜ਼ਰਾਈਲ ਦੀ ਤਿੱਖੀ ਪ੍ਰਤੀਕ੍ਰਿਆ ਦਾ ਸਾਹਮਣਾ ਕਰਨਾ ਪਿਆ ਸੀ। ਇਹ ਦੋਵੇਂ ਦੇਸ਼ ਅੰਤਰਰਾਸ਼ਟਰੀ ਕੋਰਟ ਦੇ ਮੈਂਬਰ ਨਹੀਂ ਹਨ। ਟਰੰਪ ਦੇ ਆਦੇਸ਼ ’ਚ ਕਿਹਾ ਗਿਆ ਹੈ ਕਿ ਕੋਰਟ ਦੀ ਇਜ਼ਰਾਈਲ ਦੇ ਖਿਲਾਫ਼ ਕਾਰਵਾਈ ਤੇ ਇਸਦੀ ਮੁੱਢਲੀ ਜਾਂਚ ਅਮਰੀਕਾ ਨਾਲ ਸਬੰਧਤ ਸੀ। ਇਹ ਇਕ ਖਤਰਨਾਕ ਮਿਸਾਲ ਹੈ, ਜਿਸ ਨਾਲ ਅਮਰੀਕਾ ਦੇ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਲਈ ਖਤਰਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਅੰਤਰਰਾਸ਼ਟਰੀ ਅਪਰਾਧ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈਸੀਸੀ ਨੇ ਬਗੈਰ ਕਿਸੇ ਜਾਇਜ਼ ਆਧਾਰ ਦੇ ਅਮਰੀਕਾ ਤੇ ਇਜ਼ਰਾਈਲ ਸਮੇਤ ਉਸ ਦੇ ਕੁਝ ਸਹਿਯੋਗੀ ਦੇਸ਼ਾਂ ਦੇ ਅਧਿਕਾਰੀਆਂ ਦੇ ਸਬੰਧ ’ਚ ਆਪਣੇ ਅਧਿਕਾਰ ਖੇਤਰ ਦਾ ਦਾਅਵਾ ਕੀਤਾ ਤੇ ਮੁੱਢਲੀ ਜਾਂਚ ਕੀਤੀ।
  ਖਾਸ ਖਬਰਾਂ