View Details << Back

ਡੇਪਸਾਂਗ, ਡੇਮਚੋਕ ਤੋਂ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਬੋਲੇ ਜੈਸ਼ੰਕਰ - ਭਾਰਤ-ਚੀਨ ਸਬੰਧਾਂ ’ਚ ਤਣਾਅ ਘੱਟ ਕਰਨਾ ਹੋਵੇਗਾ ਅਗਲਾ ਕਦਮ

  ਮੁੰਬਈ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਲੱਦਾਖ ਦੇ ਡੇਪਸਾਂਗ ਤੇ ਡੇਮਚੋਕ ਵਿਚ ਫ਼ੌਜੀਆਂ ਦਾ ਪਿੱਛੇ ਹਟਣਾ ਪਹਿਲਾ ਕਦਮ ਹੈ ਅਤੇ ਉਮੀਦ ਹੈ ਕਿ ਭਾਰਤ 2020 ਵਾਲੀ ਗਸ਼ਤ ਦੀ ਸਥਿਤੀ ’ਚ ਵਾਪਸ ਆ ਜਾਵੇਗਾ। ਵਿਦੇਸ਼ ਮੰਤਰੀ ਨੇ ਸਪੱਸ਼ਟ ਰੂਪ ਨਾਲ ਚੀਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਗਲਾ ਕਦਮ ਤਣਾਅ ਘੱਟ ਕਰਨਾ ਹੈ। ਹਾਲਾਂਕਿ, ਅਜਿਹਾ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਭਾਰਤ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਦੂਜੇ ਪਾਸੇ ਵੀ ਇਹੀ ਹੋ ਰਿਹਾ ਹੈ। ਤਣਾਅ ਘੱਟ ਹੋਣ ਤੋਂ ਬਾਅਦ ਸਰਹੱਦਾਂ ਦਾ ਪ੍ਰਬੰਧਨ ਕਿਵੇਂ ਕੀਤਾ ਜਾਵੇ, ਇਸ ’ਤੇ ਚਰਚਾ ਕੀਤੀ ਜਾਵੇਗੀ।

ਇਸ ਹਫ਼ਤੇ ਦੀ ਸ਼ੁਰੂਆਤ ਵਿਚ ਭਾਰਤ ਨੇ ਐਲਾਨ ਕੀਤਾ ਕਿ ਉਸਨੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਗਸ਼ਤ ਕਰਨ ਨੂੰ ਲੈ ਕੇ ਚੀਨ ਨਾਲ ਸਮਝੌਤਾ ਕਰ ਲਿਆ ਹੈ। ਚਾਰ ਸਾਲ ਤੋਂ ਵੱਧ ਸਮੇਂ ਤੋਂ ਪੂਰਬੀ ਲੱਦਾਖ ਵਿਚ ਜਾਰੀ ਫ਼ੌਜੀ ਅੜਿੱਕੇ ਨੂੰ ਸਮਾਪਤ ਕਰਨ ਦੀ ਦਿਸ਼ਾ ਵਿਚ ਇਹ ਇਕ ਵੱਡੀ ਸਫਲਤਾ ਹੈ। ਮੁੰਬਈ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਡੇਪਸਾਂਗ ਤੇ ਡੇਮਚੋਕ ਵਿਚ ਗਸ਼ਤ ਕਰਨ ਅਤੇ ਪਿੱਛੇ ਹਟਣ ’ਤੇ ਆਮ ਸਹਿਮਤੀ ਬਣ ਗਈ ਹੈ। ਇਹ ਸਪੱਸ਼ਟ ਹੈ ਕਿ ਇਸਨੂੰ ਲਾਗੂ ਕਰਨ ਵਿਚ ਸਮਾਂ ਲੱਗੇਗਾ। ਇਹ ਪਿੱਛੇ ਹਟਣ ਅਤੇ ਗਸ਼ਤ ਦਾ ਮੁੱਦਾ ਹੈ, ਜਿਸਦਾ ਮਤਲਬ ਹੈ ਕਿ ਸਾਡੀਆਂ ਫ਼ੌਜਾਂ ਇਕ-ਦੂਜੇ ਦੇ ਬਹੁਤ ਨੇੜੇ ਆ ਗਈਆਂ ਸਨ ਅਤੇ ਹੁਣ ਉਹ ਆਪਣੇ ਟਿਕਾਣਿਆਂ ’ਤੇ ਵਾਪਸ ਚਲੀਆਂ ਗਈਆਂ ਹਨ। ਸਾਨੂੰ ਉਮੀਦ ਹੈ ਕਿ 2020 ਵਾਲੀ ਸਥਿਤੀ ਬਹਾਲ ਹੋ ਜਾਵੇਗੀ। ਜੈਸ਼ੰਕਰ ਨੇ ਨਿਵੇਸ਼ ਨੂੰ ਮਹਾਰਾਸ਼ਟਰ ਤੋਂ ਗੁਜਰਾਤ ਲੈ ਕੇ ਜਾਣ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਨਿਵੇਸ਼ਕਾਂ ਦਾ ਆਪਣਾ ਹਿਸਾਬ-ਕਿਤਾਬ ਹੁੰਦਾ ਹੈ। ਉਹ ਅਜਿਹੀ ਸੂਬਾ ਸਰਕਾਰ ਦੀ ਚੋਣ ਕਰਨਗੇ, ਜੋ ਸਮਰੱਥ ਤੇ ਕੁਸ਼ਲ ਹੋਵੇ। ਪਿਛਲੇ ਦਸ ਸਾਲ ਵਿਚ ਸਾਰੇ ਪ੍ਰੋਜੈਕਟ ਭਾਜਪਾ ਸ਼ਾਸਤ ਸੂਬਿਆਂ ਕੋਲ ਨਹੀਂ ਆਏ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਸੂਬੇ ਵਿਚ ਅਜਿਹੀ ਸਰਕਾਰ ਦੀ ਜ਼ਰੂਰਤ ਹੈ, ਜਿਸ ਦੀ ਵਿਚਾਰਧਾਰਾ ਕੇਂਦਰ ਸਰਕਾਰ ਵਰਗੀ ਹੋਵੇ। ਮਹਾਰਾਸ਼ਟਰ ਉਦਯੋਗ ਤੇ ਬੁਨਿਆਦੀ ਢਾਂਚੇ ਵਿਚ ਅਗਾਂਹਵਧੂ ਸੂਬਾ ਹੈ। ਵਿਕਸਤ ਭਾਰਤ ਦਾ ਟੀਚਾ ਹਾਸਲ ਕਰਨ ਲਈ ਵਿਕਸਤ ਮਹਾਰਾਸ਼ਟਰ ਅਹਿਮ ਹੈ।

26/11 ਮਗਰੋਂ ਭਾਰਤ ਨੇ ਨਹੀਂ ਦਿੱਤਾ ਸੀ ਜਵਾਬ : ਜੈਸ਼ੰਕਰ
ਤੱਤਕਾਲੀ ਮਨਮੋਹਨ ਸਿੰਘ ਸਰਕਾਰ ’ਤੇ ਅਸਿੱਧੇ ਰੂਪ ਨਾਲ ਹਮਲਾ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦਾ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ। ਜੇਕਰ ਅਜਿਹੀ ਘਟਨਾ ਇਸ ਸਮੇਂ ਹੁੰਦੀ ਹੈ ਤਾਂ ਭਾਰਤ ਚੁੱਪ ਨਹੀਂ ਬੈਠੇਗਾ। ਅੱਤਵਾਦ ’ਤੇ ਦੋਹਰਾ ਮਾਪਦੰਡ ਮਨਜ਼ੂਰ ਨਹੀਂ ਹੈ ਅਤੇ ਭਾਰਤ ਅੱਤਵਾਦ ਨੂੰ ਬੇਨਕਾਬ ਕਰਨ ਲਈ ਜਿੱਥੇ ਕਾਰਵਾਈ ਦੀ ਲੋੜ ਹੋਵੇਗੀ, ਉੱਥੇ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਮੁੰਬਈ ਵਿਚ ਜੋ ਕੁਝ ਹੋਇਆ, ਸਾਨੂੰ ਉਸਦਾ ਦੁਹਰਾਅ ਨਹੀਂ ਹੋਣ ਦੇਣਾ ਚਾਹੀਦਾ। ਇੱਥੇ ਅੱਤਵਾਦੀ ਹਮਲਾ ਹੋਇਆ ਅਤੇ ਕੋਈ ਪ੍ਰਤੀਕਿਰਿਆ ਨਹੀਂ ਹੋਈ, ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਤਵਾਦ ਨਾਲ ਲੜਾਈ ’ਚ ਭਾਰਤ ਅਗਾਂਹਵਧੂ ਹੈ ਅਤੇ ਇਸਦੇ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਰੱਖਦਾ ਹੈ।

ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਜੈਸ਼ੰਕਰ ਨੇ ਮੁੰਬਈ ਹਮਲੇ ’ਤੇ ਟਿੱਪਣੀ ਕੀਤੀ ਹੈ। ਇਸੇ ਸਾਲ ਅਪ੍ਰੈਲ ਵਿਚ ਉਨ੍ਹਾਂ ਕਿਹਾ ਸੀ ਮੁੰਬਈ ਹਮਲੇ ਤੋਂ ਬਾਅਦ ਯੂਪੀਏ ਸਰਕਾਰ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਲਿਖਿਆ ਸੀ ਕਿ ਅਸੀਂ ਬੈਠ ਕੇ ਚਰਚਾ ਕੀਤੀ। ਅਸੀਂ ਸਾਰੇ ਬਦਲਾਂ ’ਤੇ ਵਿਚਾਰ ਕੀਤਾ। ਫਿਰ ਅਸੀਂ ਕੁਝ ਨਾ ਕਰਨ ਦਾ ਫ਼ੈਸਲਾ ਕੀਤਾ। ਸਾਨੂੰ ਲੱਗਾ ਕਿ ਪਾਕਿਸਤਾਨ ’ਤੇ ਹਮਲਾ ਕਰਨ ਦੀ ਜ਼ਿਆਦਾ ਕੀਮਤ ਚੁਕਾਉਣੀ ਹੋਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਪਾਂਸਰਡ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਨੇ 26 ਨਵੰਬਰ 2008 ਨੂੰ ਮੁੰਬਈ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਇਸ ਵਿਚ 166 ਲੋਕ ਮਾਰੇ ਗਏ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।
  ਖਾਸ ਖਬਰਾਂ