View Details << Back

Strait of Hormuz Crisis: ਅਮਰੀਕਾ ਦਾ ਰਵੱਈਆ ਸੁਧਰਨ ਤੋਂ ਬਾਅਦ ਹੀ ਖੁੱਲ੍ਹੇਗਾ ਹਰਮੁਜ਼ ਜਲ ਮਾਰਗ: ਇਰਾਨ

  Hormuz Strait Crisis: ਇਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਹਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲ੍ਹੇਗਾ ਜਦੋਂ ਤੱਕ ਅਮਰੀਕਾ ਆਪਣਾ ਰਵੱਈਆ ਨਹੀਂ ਸੁਧਾਰਦਾ।

ਕੌਂਸਲ ਦੇ ਸਕੱਤਰ ਅਤੇ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਮੁਹੰਮਦ ਬਾਘਰ ਜ਼ੋਲਘਦਰ ਦੇ ਹਵਾਲੇ ਨਾਲ ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਇਹ ਬਿਆਨ ਜਾਰੀ ਕੀਤਾ ਹੈ, ਜਿਸ ਨਾਲ ਇਸ ਜਲ ਮਾਰਗ ਦੇ ਪ੍ਰਬੰਧਨ ਅਤੇ ਆਵਾਜਾਈ ਨੂੰ ਲੈ ਕੇ ਚੱਲ ਰਹੀਆਂ ਗੱਲਬਾਤਾਂ ਵਿੱਚ ਨਵਾਂ ਮੋੜ ਆ ਸਕਦਾ ਹੈ।

ਇਰਾਨ ਵੱਲੋਂ ਰੱਖੀਆਂ ਗਈਆਂ ਇਨ੍ਹਾਂ ਨਵੀਆਂ ਮੰਗਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਕਦੇ ਵੀ ਇਰਾਨ ਨੂੰ ਧਮਕੀ ਨਹੀਂ ਦੇਣੀ ਚਾਹੀਦੀ ਅਤੇ ਇਰਾਨ ਅਤੇ ਖੇਤਰ ਵਿੱਚ ਉਸ ਦੇ ਸਹਿਯੋਗੀਆਂ ਵਿਰੁੱਧ ਜੰਗ ਨੂੰ ਸਥਾਈ ਤੌਰ ’ਤੇ ਖ਼ਤਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅਮਰੀਕਾ ਨੂੰ ਇਰਾਨੀ ਬੰਦਰਗਾਹਾਂ ਦੀ ਜਲ ਸੈਨਾ ਦੀ ਨਾਕਾਬੰਦੀ ਹਟਾਉਣੀ ਪਵੇਗੀ, ਖੇਤਰ ਵਿੱਚੋਂ ਆਪਣੀ ਫੌਜ ਨੂੰ ਵਾਪਸ ਬੁਲਾਉਣਾ ਪਵੇਗਾ, ਜੰਗ ਦੇ ਨੁਕਸਾਨ ਦੀ ਪੂਰੀ ਭਰਪਾਈ ਕਰਨੀ ਪਵੇਗੀ, ਪਾਬੰਦੀਆਂ ਹਟਾਉਣੀਆਂ ਪੈਣਗੀਆਂ ਅਤੇ ਫਰੀਜ਼ ਕੀਤੇ ਹੋਏ ਫੰਡਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਲੀਜ਼ ਕਰਨਾ ਪਵੇਗਾ। ਅਮਰੀਕਾ ਵੱਲੋਂ ਇਸ ’ਤੇ ਕੋਈ ਤੁਰੰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: Strait of hormuz ਸਮਝੌਤਾ ਨੇੜੇ: ਇਰਾਨ ਅਤੇ ਓਮਾਨ ਵਿਚਕਾਰ ਗੱਲਬਾਤ ਆਖਰੀ ਪੜਾਅ ਵਿੱਚ
ਇਸ ਤੋਂ ਪਹਿਲਾਂ ਇਰਾਨ ਨੇ ਕਿਹਾ ਸੀ ਕਿ ਉਹ ਇਸ ਜਲ ਮਾਰਗ ਦੇ ਪ੍ਰਬੰਧਨ ਲਈ ਓਮਾਨ ਨਾਲ ਸਮਝੌਤੇ ਦੇ ਬਹੁਤ ਕਰੀਬ ਹੈ। ਖਾੜੀ ਦਾ ਵਿਚੋਲਾ ਦੇਸ਼ ਓਮਾਨ, ਜਿਸ ਨੇ ਗੱਲਬਾਤ ਬਾਰੇ ਜ਼ਿਆਦਾ ਬਿਆਨਬਾਜ਼ੀ ਨਹੀਂ ਕੀਤੀ। ਉਨ੍ਹਾਂ ਅੱਜ ਬਿਆਨ ਵਿੱਚ ਦੱਸਿਆ ਕਿ ਗੱਲਬਾਤ "ਸਾਕਾਰਾਤਮਕ ਅਤੇ ਉਸਾਰੂ ਮਾਹੌਲ" ਵਿੱਚ ਜਾਰੀ ਹੈ ਅਤੇ ਉਸ ਨੇ ਜਲ ਮਾਰਗ ਵਿੱਚ ਜਹਾਜ਼ਾਂ 'ਤੇ ਹੋਣ ਵਾਲੇ ਹਮਲਿਆਂ ਦੀ ਨਿੰਦਾ ਵੀ ਕੀਤੀ ਹੈ।

ਇਸ ਤੋਂ ਪਹਿਲਾਂ ਯੂ ਏ ਈ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਅਬੂ ਧਾਬੀ ਦੀ ਸਰਕਾਰੀ ਤੇਲ ਅਤੇ ਗੈਸ ਕੰਪਨੀ ਏ ਡੀ ਐੱਨ ਓ ਸੀ ਦੀ ਮਲਕੀਅਤ ਵਾਲਾ ਇੱਕ ਜਹਾਜ਼ ਉਸ ਸਮੇਂ ਹਮਲੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਹਰਮੁਜ਼ ਜਲ ਮਾਰਗ ਵਿੱਚੋਂ ਲੰਘ ਰਿਹਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਪਾਰਕ ਸਮੁੰਦਰੀ ਆਵਾਜਾਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਰਾਨ ਨੇ ਇਸ ਉੱਤੇ ਮਿਜ਼ਾਈਲ ਦਾਗ਼ੀ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਨਿਚਰਵਾਰ ਤੜਕੇ ਹੋਏ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੰਪਨੀ ਮੁਤਾਬਕ ਫਰਵਰੀ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਜੰਗ ਸ਼ੁਰੂ ਕਰਨ ਤੋਂ ਬਾਅਦ ਇਸ ਜਲ ਮਾਰਗ ਵਿੱਚੋਂ ਲੰਘਣ ਵੇਲੇ ਉਨ੍ਹਾਂ ਦੇ ਇੱਕ ਦਰਜਨ ਤੋਂ ਵੱਧ ਜਹਾਜ਼ਾਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ, ਜਿਸ ਵਿੱਚ ਇੱਕ ਕਰਿਊ ਮੈਂਬਰ ਦੀ ਮੌਤ ਹੋ ਚੁੱਕੀ ਹੈ ਅਤੇ 20 ਹੋਰ ਜ਼ਖਮੀ ਹੋਏ ਹਨ। ਹਾਲਾਂਕਿ ਏ ਡੀ ਐੱਨ ਓ ਸੀ ਨੇ ਹਮਲੇ ਦੀ ਸਹੀ ਜਗ੍ਹਾ ਜਾਂ ਨੁਕਸਾਨ ਬਾਰੇ ਕੋਈ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ।
  ਖਾਸ ਖਬਰਾਂ