View Details << Back

Narendra Modi ਦਾ ਉਜ਼ਬੇਕਿਸਤਾਨ ਵਿੱਚ ਨਿੱਘਾ ਸਵਾਗਤ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਮੁਲਕਾਂ ਉਜ਼ਬੇਕਿਸਤਾਨ ਅਤੇ ਕਿਰਗਿਜ਼ ਗਣਰਾਜ ਦੇ ਦੌਰੇ ਲਈ ਅੱਜ ਸਵੇਰੇ ਰਵਾਨਾ ਹੋਏ। ਪ੍ਰਧਾਨ ਮੰਤਰੀ ਦੋ ਰੋਜ਼ਾ ਦੌਰੇ ’ਤੇ ਉਜ਼ਬੇਕਿਸਤਾਨ ਪਹੁੰਚ ਗਏ ਹਨ ਜਿੱਥੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਯੇਵ ਨੇ ਤਾਸ਼ਕੰਦ ’ਚ ਹਵਾਈ ਅੱਡੇ ਉਪਰ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਦਾ ਇਹ ਉਜ਼ਬੇਕਿਸਤਾਨ ਦਾ ਚੌਥਾ ਦੌਰਾ ਹੈ। ਇਸ ਤੋਂ ਪਹਿਲਾਂ ਮੋਦੀ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਉਹ ਕਿਰਗਿਜ਼ ਗਣਰਾਜ ’ਚ ਐੱਸ ਸੀ ਓ ਦੀ ਮੀਟਿੰਗ ਦੌਰਾਨ ਭਾਰਤ ਦਾ ਨਜ਼ਰੀਆ ਪੇਸ਼ ਕਰਨਗੇ ਅਤੇ ਖ਼ਿੱਤੇ ਨੂੰ ਅਤਿਵਾਦ ਤੋਂ ਮੁਕਤ ਬਣਾਉਣ ਲਈ ਸਾਥੀ ਮੈਂਬਰਾਂ ਨਾਲ ਰਲ ਕੇ ਕੰਮ ਕਰਨ ਬਾਰੇ ਵਿਚਾਰ ਵਟਾਂਦਰਾ ਕਰਨਗੇ। ਮੋਦੀ ਪਹਿਲਾਂ ਉਜ਼ਬੇਕਿਸਤਾਨ (29-30 ਅਗਸਤ) ਦੇ ਦੌਰੇ ’ਤੇ ਰਹਿਣਗੇ ਅਤੇ ਫਿਰ ਬਿਸ਼ਕੇਕ (30 ਅਗਸਤ-1 ਸਤੰਬਰ) ’ਚ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨੇ ਆਸ ਜਤਾਈ ਕਿ ਉਨ੍ਹਾਂ ਦਾ ਦੌਰਾ ਭਾਰਤ ਦੀ ਮੱਧ ਏਸ਼ੀਆ ’ਚ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਏਗਾ।

ਆਪਣੇ ਰਵਾਨਗੀ ਬਿਆਨ ’ਚ ਮੋਦੀ ਨੇ ਕਿਹਾ ਕਿ ਭਾਰਤ ਐੱਸ ਸੀ ਓ ਦਾ 2017 ਤੋਂ ਸਰਗਰਮ ਮੈਂਬਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ਿੱਤੇ ਨੂੰ ਅਤਿਵਾਦ, ਵੱਖਵਾਦ ਅਤੇ ਕੱਟੜਵਾਦ ਤੋਂ ਮੁਕਤ ਬਣਾਉਣ ਲਈ ਗੱਲਬਾਤ ਕਰਨਗੇ ਕਿਉਂਕਿ ਇਸ ਨਾਲ ਕਈ ਮੁਲਕਾਂ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਯੇਵ ਦੇ ਸੱਦੇ ’ਤੇ ਉਹ ਤਾਸ਼ਕੰਦ ਜਾ ਰਹੇ ਹਨ। ਉਹ ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ਼ ਓਰੀਐਂਟਲ ਸਟੱਡੀਜ਼ ’ਚ ਮਹਾਤਮਾ ਗਾਂਧੀ ਸੈਂਟਰ ਅਤੇ ਸ਼ਾਸਤਰੀ ਮੈਮੋਰੀਅਲ ਦਾ ਦੌਰਾ ਕਰ ਕੇ ਦੋਵੇਂ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਮਗਰੋਂ ਮੋਦੀ 26ਵੇਂ ਐੱਸ ਸੀ ਓ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਬਿਸ਼ਕੇਕ ਦਾ ਦੌਰਾ ਕਰਨਗੇ ਜਿੱਥੇ ਉਹ 6ਵੀਆਂ ਆਲਮੀ ਨੋਮੈਡ ਗੇਮਜ਼ (ਆਲਮੀ ਖ਼ਾਨਾਬਦੋਸ਼/ਘੁਮੰਤਰੂ ਖੇਡਾਂ) ਦੇ ਉਦਘਾਟਨੀ ਸਮਾਗਮ ਵਿੱਚ ਵੀ ਹਾਜ਼ਰੀ ਭਰਨਗੇ। ਉਹ ਐੱਸ ਸੀ ਓ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ।
  ਖਾਸ ਖਬਰਾਂ