View Details << Back

I-PAC ਛਾਪੇਮਾਰੀ: ਪੁਲਿਸ ਵੱਲੋਂ ਅਣਪਛਾਤੇ ਈਡੀ (ED) ਅਧਿਕਾਰੀਆਂ ਵਿਰੁੱਧ ਜਾਂਚ ਸ਼ੁਰੂ

  ਕੋਲਕਾਤਾ ਪੁਲੀਸ ਨੇ ਸ਼ਨਿਚਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਉਨ੍ਹਾਂ ਅਧਿਕਾਰੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ ਕਥਿਤ ਤੌਰ 'ਤੇ ਆਈ-ਪੀਏਸੀ (I-PAC) ਦੇ ਮੁਖੀ ਪ੍ਰਤੀਕ ਜੈਨ ਦੀ ਰਿਹਾਇਸ਼ ਅਤੇ ਸਲਾਹਕਾਰ ਫਰਮ ਦੇ ਦਫ਼ਤਰ ਤੋਂ ਦਸਤਾਵੇਜ਼ ਚੋਰੀ ਕਰਨ ਵਿੱਚ ਸ਼ਾਮਲ ਸਨ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ ਪੁਲੀਸ ਉਨ੍ਹਾਂ ਕੇਂਦਰੀ ਏਜੰਸੀ ਦੇ ਕਰਮਚਾਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਾਰਵਾਈ ਦੌਰਾਨ ਦੋਵਾਂ ਥਾਵਾਂ 'ਤੇ ਮੌਜੂਦ ਸਨ। ਸ਼ਨਿਚਰਵਾਰ ਸਵੇਰੇ ਸ਼ੈਕਸਪੀਅਰ ਸਰਾਨੀ ਪੁਲੀਸ ਸਟੇਸ਼ਨ ਦੇ ਅਧਿਕਾਰੀਆਂ ਨੇ ਜੈਨ ਦੀ ਰਿਹਾਇਸ਼ ਦਾ ਦੌਰਾ ਕੀਤਾ ਅਤੇ ਸੀਸੀਟੀਵੀ ਫੁਟੇਜ ਤੇ ਡੀਵੀਆਰ ਰਿਕਾਰਡਿੰਗਾਂ ਇਕੱਠੀਆਂ ਕੀਤੀਆਂ; ਇਸ ਦੇ ਨਾਲ ਹੀ ਘਰੇਲੂ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ (TMC) ਦੀ ਚੇਅਰਪਰਸਨ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਈਡੀ ਵਿਰੁੱਧ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਸਨ, ਜਿਸ ਤੋਂ ਬਾਅਦ ਕੋਲਕਾਤਾ ਅਤੇ ਬਿਧਾਨਨਗਰ ਪੁਲੀਸ ਨੇ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਅਪਰਾਧਿਕ ਧਮਕਾਉਣ, ਚੋਰੀ, ਅਪਰਾਧਿਕ ਘੁਸਪੈਠ ਅਤੇ ਆਈਟੀ ਐਕਟ ਦੀ ਧਾਰਾ 66 ਦੇ ਤਹਿਤ ਕੇਸ ਦਰਜ ਕੀਤੇ ਹਨ।

ਅਧਿਕਾਰੀ ਨੇ ਦੋਸ਼ ਲਾਇਆ ਕਿ ਈਡੀ ਨੇ ਤਲਾਸ਼ੀ ਸ਼ੁਰੂ ਹੋਣ ਦੇ ਪੰਜ ਘੰਟੇ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲੀਸ ਅਧਿਕਾਰੀ ਉੱਥੇ ਪਹੁੰਚੇ ਤਾਂ ਈਡੀ ਅਤੇ ਸੀਆਰਪੀਐੱਫ (CRPF) ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਥਿਤ ਤੌਰ 'ਤੇ ਡਾਂਗਾਂ ਦਿਖਾ ਕੇ ਡਰਾਇਆ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਛਾਪੇਮਾਰੀ ਦੌਰਾਨ ਤ੍ਰਿਣਮੂਲ ਕਾਂਗਰਸ ਦੀਆਂ ਚੋਣਾਂ ਨਾਲ ਸਬੰਧਤ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਡਾਟਾ ਚੋਰੀ ਕੀਤਾ ਗਿਆ ਹੈ। ਪੁਲੀਸ ਅਨੁਸਾਰ ਈਡੀ ਅਧਿਕਾਰੀਆਂ ਨੇ ਨਾ ਤਾਂ ਸ਼ਨਾਖਤੀ ਕਾਰਡ ਦਿਖਾਏ ਅਤੇ ਨਾ ਹੀ ਸਥਾਨਕ ਅਧਿਕਾਰੀਆਂ ਨੂੰ ਕੋਰਟ ਦਾ ਸਰਚ ਵਾਰੰਟ ਦਿੱਤਾ, ਜਿਸ ਕਾਰਨ ਜਾਂਚ ਜਾਰੀ ਹੈ ਅਤੇ ਕੇਂਦਰੀ ਏਜੰਸੀ ਦੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
  ਖਾਸ ਖਬਰਾਂ