View Details << Back

ਮੰਗਲ ’ਤੇ ਵੀ ਕਦੀ ਵਧਦੀ-ਫੁਲਦੀ ਸੀ ਜ਼ਿੰਦਗੀ, ਰੋਵਰ ਪਰਸੀਵੀਅਰੈਂਸ ਨੇ ਇਕ ਸੁੱਕੀ ਨਦੀ ਦੀ ਧਾਰਾ ’ਚ ਲੱਭੀਆਂ ਹਨ ਚੱਟਾਨਾਂ

  ਸਾਡੇ ਸੌਰ ਮੰਡਲ ਦਾ ਗ੍ਰਹਿ ਮੰਗਲ ਕਦੀ ਵਧਦਾ-ਫੁਲਦਾ ਸੀ। ਇਹ ਤੱਥ ਨਾਸਾ ਪਰਸੀਵੀਅਰੈਂਸ ਰੋਵਰ ਵੱਲੋਂ ਹਾਸਲ ਨਮੂਨੇ ਰਾਹੀਂ ਪਤਾ ਲੱਗਾ ਹੈ। ਪਰਸੀਵੀਅਰੈਂਸ ਨੇ ਇਕ ਸੁੱਕੀ ਨਦੀ ਦੀ ਧਾਰਾ ’ਚ ਚੱਟਾਨਾਂ ਲੱਭੀਆਂ ਹਨ, ਜਿਨ੍ਹਾਂ ’ਚ ਪੁਰਾਤਨ ਸੂਖਮ ਜੀਵਨ ਦੇ ਸੰਭਾਵੀ ਸੰਕੇਤ ਮਿਲੇ ਹਨ। ਬੁੱਧਵਾਰ ਨੂੰ ਪ੍ਰਕਾਸ਼ਿਤ ਖੋਜ ’ਚ ਇਸ ਸੰਭਾਵਨਾ ਦੇ ਸਬੰਧ ’ਚ ਹੁਣ ਤੱਕ ਦੇ ਸਭ ਤੋਂ ਚੰਗੇ ਸਬੂਤਾਂ ’ਚੋਂ ਇਕ ਹੈ ਕਿ ਮੰਗਲ ’ਤੇ ਕਦੀ ਜ਼ਿੰਦਗੀ ਸੀ। ਹਾਲਾਂਕਿ, ਨਮੂਨੇ ’ਚ ਪਾਏ ਗਏ ਖਣਿਜ ਗ਼ੈਰ-ਜੈਵਿਕ ਪ੍ਰਕਿਰਿਆਵਾਂ ਰਾਹੀਂ ਵੀ ਬਣ ਸਕਦੇ ਹਨ।

2021 ’ਚ ਮੰਗਲ ਗ੍ਰਹਿ ਦੀ ਸਤ੍ਹਾ ’ਤੇ ਉਤਰਣ ਤੋਂ ਬਾਅਦ ਤੋਂ ਰੋਵਰ ਜੇਜੇਰੋ ਕ੍ਰੇਟਰ ਦੀ ਭਾਲ ਕਰ ਰਿਹਾ ਹੈ। ਇਹ ਗ੍ਰਹਿ ਦੇ ਉੱਤਰੀ ਗੋਲਾਰਧ ’ਚ ਅਜਿਹਾ ਖੇਤਰ ਹੈ, ਜੋ ਕਦੀ ਪਾਣੀ ਨਾਲ ਭਰਿਆ ਸੀ ਤੇ ਪੁਰਾਤਨ ਝੀਲ ਬੇਸਿਨ ਦਾ ਘਰ ਸੀ। ਰੋਵਰ ਪੁਰਾਤਨ ਜੀਵਨ ਦੇ ਸੰਕੇਤਾਂ ਦੀ ਭਾਲ ਕਰ ਰਿਹਾ ਹੈ। ਪਰਸੀਵੀਅਰੈਂਸ ਚੱਟਾਨ ਤੇ ਰੈਗੋਲਿਥ ਨਾਮੀ ਢਿੱਲੇ ਪਦਾਰਥ ਦੇ ਨਮੂਨੇ ਇਕੱਠੇ ਕਰ ਰਿਹਾ ਹੈ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ।

ਰੋਵਰ ਨੇ ਬ੍ਰਾਈਟ ਏਂਜਲ ਰੌਕ ਫਾਰਮੇਸ਼ਨ ਨਾਮੀ ਸਥਾਨ ਤੋਂ ਨਵੇਂ ਨਮੂਨੇ ਹਾਸਲ ਕੀਤੇ। ਇਸ ਨੂੰ ਸੈਫਾਇਰ ਕੈਨਿਅਨ ਨਮੂਨਾ ਕਿਹਾ ਜਾਂਦਾ ਹੈ। ਇਸ ਬਣਾਵਟ ’ਚ ਬਾਰੀਕ ਦਾਣੇ ਵਾਲੇ ਮਡਸਟੋਨ ਤੇ ਮੋਟੇ ਦਾਣੇ ਵਾਲੇ ਕਾਂਗਲੋਮੈਰੇਟਸ ਹੁੰਦੇ ਹਨ, ਜੋ ਇਕ ਤਰ੍ਹਾਂ ਦੀ ਚੱਟਾਨ ਹੁੰਦੀ ਹੈ, ਜੋ ਬੱਜਰੀ ਦੇ ਆਕਾਰ ਦੇ ਕਣਾਂ ਨਾਲ ਬਣੀ ਹੁੰਦੀ ਹੈ। ਸਟੋਨੀ ਬਰੁੱਕ ਯੂਨੀਵਰਸਿਟੀ ਦੇ ਵਿਗਿਆਨੀ ਜੋਏਲ ਹਿਊਰੋਵਿਟਜ਼ ਨੇ ਕਿਹਾ ਕਿ ਅਰਬਾਂ ਸਾਲ ਪੁਰਾਣੀਆਂ ਚੱਟਾਨਾਂ ’ਚ ਇਕ ਸੰਭਾਵੀ ਬਾਇਓਸਿਗਨੇਚਰ ਦਾ ਪਤਾ ਲੱਗਾ ਹੈ। ਇਹ ਦੋ ਖਣਿਜਾਂ ਦੇ ਤੌਰ ’ਤੇ ਸਾਹਮਣੇ ਆਇਆ ਹੈ, ਜੋ ਬ੍ਰਾਈਟ ਏਂਜਲ ਬਣਾਵਟ ਦੀ ਮਿੱਟੀ ਤੇ ਉਸ ਵਿਚ ਮੌਜੂਦ ਕਾਰਬਨਿਕ ਪਦਾਰਥਾਂ ਵਿਚਾਲੇ ਰਸਾਇਣਕ ਪ੍ਰਤੀਕਿਰਿਆਵਾਂ ਦੇ ਨਤੀਜੇ ਵਜੋਂ ਬਣੇ ਪ੍ਰਤੀਤ ਹੁੰਦੇ ਹਨ। ਇਹ ਵਿਵੀਆਨਾਈਟ ਤੇ ਗ੍ਰੇਗਾਈਟ ਹਨ। ਅਜਿਹਾ ਲੱਗਦਾ ਹੈ ਕਿ ਇਹ ਪ੍ਰਤੀਕਿਰਿਆਵਾਂ ਝੀਲ ਦੀ ਸਤ੍ਹਾ ’ਤੇ ਮਿੱਟੀ ਦੇ ਜਮ੍ਹਾ ਹੋਣ ਦੇ ਤੁਰੰਤ ਬਾਅਦ ਹੋਈ ਸੀ। ਧਰਤੀ ’ਤੇ ਅਜਿਹੀਆਂ ਪ੍ਰਤੀਕਿਰਿਆਵਾਂ ਜੋ ਮਿੱਟੀ ’ਚ ਕਾਰਬਨਿਕ ਪਦਾਰਥਾਂ ਤੇ ਰਸਾਇਣਕ ਸਮੀਕਰਣਾਂ ਦੇ ਸੁਮੇਲ ਨਾਲ ਵਿਵੀਆਨਾਈਟ ਤੇ ਗ੍ਰੇਗਾਈਟ ਵਰਗੇ ਨਵੇਂ ਖਣਿਜ ਬਣਾਉਂਦੀਆਂ ਹਨ।
  ਖਾਸ ਖਬਰਾਂ