View Details << Back

ਨੌਂ ਮਾਰਚ ਨੂੰ ਹੋਵੇਗਾ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ, ਲਿਬਰਲ ਨੇਤਾ ਦੀ ਦੌੜ ’ਚ ਮਾਰਕ ਕਾਰਨੀ, ਕ੍ਰਿਸਟੀਆ ਫ੍ਰੀਲੈਂਡ ਸ਼ਾਮਲ

  ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਤਾਧਾਰੀ ਲਿਬਰਲ ਪਾਰਟੀ ਨੌਂ ਮਾਰਚ ਨੂੰ ਆਪਣਾ ਨਵਾਂ ਨੇਤਾ ਚੁਣੇਗੀ, ਜੋ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣੇਗਾ। ਟਰੂਡੋ ਨੇ ਬੀਤੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣਗੇ। 2013 ਤੋਂ ਪਾਰਟੀ ਮੁਖੀ ਦਾ ਅਹੁਦਾ ਸੰਭਾਲ ਰਹੇ 53 ਸਾਲਾ ਟਰੂਡੋ 2015 ਤੋਂ ਪ੍ਰਧਾਨ ਮੰਤਰੀ ਹਨ ਪਰ ਪਾਰਟੀ ਦੇ ਅੰਦਰ ਵਧਦੇ ਵਿਰੋਧ ਤੇ ਆਪਣੀ ਘਟਦੀ ਲੋਕਪ੍ਰਿਅਤਾ ਦੇ ਚੱਲਦੇ ਅਸਤੀਫ਼ੇ ਦਾ ਐਲਾਨ ਕਰਨਾ ਪਿਆ।

ਲਿਬਰਲ ਪਾਰਟੀ ਦੇ ਪ੍ਰਧਾਨ ਸਚਿਤ ਮੇਹਰਾ ਨੇ ਇਕ ਬਿਆਨ ’ਚ ਕਿਹਾ ਕਿ ਕੈਨੇਡਾ ਦੀ ਲਿਬਰਲ ਪਾਰਟੀ ਨੌਂ ਮਾਰਚ ਨੂੰ ਇਕ ਨਵਾਂ ਨੇਤਾ ਚੁਣੇਗੀ ਤੇ 2025 ਦੀ ਚੋਣ ਲੜਨ ਤੇ ਜਿੱਤਣ ਲਈ ਤਿਆਰੀ ਕਰੇਗੀ। ਲਿਬਰਲ ਨੇਤਾ ਦੀ ਚੋਣ ਦੀ ਦੌੜ ’ਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਤੇ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਸ਼ਾਮਲ ਹਨ। ਫ੍ਰੀਲੈਂਡ ਨੇ ਪਿਛਲੇ ਮਹੀਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਵਿਚਾਲੇ, ਭਾਰਤੀ ਮੁੱਢ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਲਿਬਰਲ ਨੇਤਾ ਦੀ ਦੌੜ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਕਰਨਾਟਕ ’ਚ ਜਨਮੇ ਓਟਾਵਾ ਦੇ ਸੰਸਦ ਮੈਂਬਰ ਆਰਿਆ ਨੇ ਵੀਰਵਾਰ ਨੂੰ ਐਕਸ ’ਤੇ ਕਿਹਾ ਕਿ ਉਹ ਕੈਨੇਡਾ ਨੂੰ ਇਕ ਖ਼ੁਦਮੁਖਤਿਆਰ ਗਣਰਾਜ ਬਣਾਉਣਾ ਚਾਹੁੰਦੇ ਹਨ।

ਦੱਸ ਦੇਈਏ ਕਿ ਅਮਰੀਕੇ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਨੂੰ ਆਪਣੇ ਦੇਸ਼ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕੈਨੇਡੀਅਨ ਵਸਤਾਂ ’ਤੇ 25 ਫ਼ੀਸਦੀ ਟੈਕਸ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਇਸ ਮੁੱਦੇ ’ਤੇ ਟਕਰਾਅ ਨੂੰ ਲੈ ਕੇ ਟਰੂਡੋ ਸਰਕਾਰ ’ਚ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਪਿਛਲੇ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਟਰੂਡੋ ਦੇ ਅਸਤੀਫ਼ੇ ਦੀ ਮੰਗ ਤੇਜ਼ ਹੋਣ ਲੱਗੀ ਸੀ। ਕਰੀਬ ਇਕ ਤਿਹਾਈ ਲਿਬਰਲ ਸੰਸਦ ਅਗਵਾਈ ਤਬਦੀਲੀ ਦੀ ਮੰਗ ਕਰ ਰਹੀ ਸੀ। ਹਾਲ ਹੀ ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਿਬਰਲ ਦੀ ਅਗਲੀ ਚੋਣ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਹੈ।

ਇਹ ਹੈ ਚੋਣਾਂ ਦੀ ਰੂਪ-ਰੇਖਾ

ਲਿਬਰਲ ਪਾਰਟੀ ਅਨੁਸਾਰ, ਰਾਸ਼ਟਰੀ ਡਾਇਰੈਕਟਰ ਮੰਡਲ ਦੀ ਵੀਰਵਾਰ ਨੂੰ ਮੀਟਿੰਗ ਹੋਈ ਤੇ ਚੋਣਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਪਾਰਟੀ ਨੇਤਾ ਅਹੁਦੇ ਲਈ ਨੌਂ ਮਾਰਚ ਨੂੰ ਵੋਟਿੰਗ ਹੋਵੇਗੀ ਤੇ ਉਸੇ ਦਿਨ ਨਵੇਂ ਨੇਤਾ ਦਾ ਐਲਾਨ ਕੀਤਾ ਜਾਵੇਗਾ। ਚੋਣਾਂ ’ਚ ਸ਼ਾਮਲ ਹੋਣ ਲਈ ਉਮੀਦਵਾਰ ਲਈ ਸਾਢੇ ਤਿੰਨ ਲੱਖ ਕੈਨੇਡੀਅਨ ਡਾਲਰ ਟੈਕਸ ਤੈਅ ਕੀਤਾ ਗਿਆ ਹੈ। ਉਮੀਦਵਾਰਾਂ ਦਾ ਐਲਾਨ 23 ਜਨਵਰੀ ਤੱਕ ਕਰਨਾ ਹੋਵੇਗਾ।
  ਖਾਸ ਖਬਰਾਂ