View Details << Back

Los Angeles wildfires updates:ਹਾਲੇ ਵੀ ਬੇਕਾਬੂ ਹੈ ਲਾਸ ਏਂਜਲਸ ਦੀ ਅੱਗ, 10 ਲੋਕਾਂ ਦੀ ਮੌਤ, 1.80 ਲੱਖ ਹੋਏ ਬੇਘਰ

  ਅਮਰੀਕਾ ਦੇ ਦੂਜੇ ਵੱਡੇ ਸ਼ਹਿਰ ਲਾਸ ਏਂਜਲਸ ਦੇ ਨੇੜਲੇ ਜੰਗਲ ’ਚ ਬੀਤੇ ਮੰਗਲਵਾਰ ਸਵੇਰੇ ਲੱਗੀ ਅੱਗ ਚੌਥੇ ਦਿਨ ਵੀ ਬੇਕਾਬੂ ਹੈ। ਅੱਗ ਨੇ ਫੈਸ਼ਨ ਦੀ ਚਮਕ ਵਾਲਾ ਲਾਸ ਏਂਜਲਸ ਸ਼ਹਿਰ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ ਤੇ 10 ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਬਚਾਅ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ 10 ਲੋਕਾਂ ਦੀ ਜਾਨ ਚਲੀ ਗਈ ਤੇ 1,80,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਦੋ ਲੱਖ ਹੋਰਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ’ਤੇ ਜਾਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਲਾਕੇ ’ਚ ਚੱਲ ਰਹੀ ਤੇਜ਼ ਹਵਾ ਤੇ ਖੁਸ਼ਕ ਮੌਸਮ ਅੱਗ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਰਿਹਾ ਹੈ। ਇਸ ਨੂੰ ਕੈਲੀਫੋਰਨੀਆ ਸੂਬੇ ਦੀ ਸਭ ਤੋਂ ਵੱਡੀ ਤ੍ਰਾਸਦੀ ਮੰਨਿਆ ਜਾ ਰਿਹਾ ਹੈ।

ਪੈਸੀਫਿਕ ਪੈਲੀਸੇਡਸ ਤੋਂ ਸੁਲਗ਼ੀ ਚੰਗਿਆੜੀ ਨਾਲ ਲੱਗੀ ਅੱਗ ਨੂੰ ਫਿਲਮ ਜਗਤ ਦੀ ਸ਼ਾਨ ਹਾਲੀਵੁੱਡ ਤੱਕ ਪੁੱਜਣ ਤੋਂ ਰੋਕ ਦਿੱਤਾ ਗਿਆ ਹੈ। ਅੱਗ ਨੂੰ ਹਾਲੀਵੁੱਡ ਪਹਾੜੀਆਂ ਤੱਕ ਪੁੱਜਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਜੋ ਸਫਲ ਰਹੀਆਂ ਪਰ ਹੋਰਨਾਂ ਇਲਾਕਿਆਂ ’ਚ ਤੇਜ਼ ਹਵਾਵਾਂ ਬਰਬਾਦੀ ਦੀ ਰਫ਼ਤਾਰ ਨੂੰ ਘੱਟ ਨਹੀਂ ਹੋਣ ਦੇ ਰਹੀਆਂ। ਅੱਗ ਨੇ ਹੁਣ ਤੱਕ 34 ਹਜ਼ਾਰ ਏਕੜ (53 ਵਰਗਮੀਲ) ਤੋਂ ਵੱਧ ਜ਼ਮੀਨੀ ਹਿੱਸੇ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਉਥੋਂ ਦੀ ਹਰ ਚੀਜ਼ ਨੂੰ ਸਾੜ ਕੇ ਸੁਆਹ ਕਰ ਦਿੱਤਾ। ਲਾਸ ਏਂਜਲਸ ਦੇ ਕਾਊਂਟੀ ਸ਼ੈਰਿਫ ਰਾਬਰਟ ਲਿਊਨਾ ਨੇ ਕਿਹਾ ਹੈ ਕਿ ਬਰਬਾਦੀ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਸ਼ਹਿਰ ’ਤੇ ਪਰਮਾਣੂ ਬੰਬ ਸੁੱਟ ਦਿੱਤਾ ਗਿਆ ਹੋਵੇ। ਅੱਗ ਨਾਲ ਹੁਣ ਤੱਕ 150 ਅਰਬ ਡਾਲਰ ਦੀ ਜਾਇਦਾਦ ਦੇ ਨੁਕਸਾਨ ਦਾ ਅੰਦਾਜ਼ਾ ਹੈ। ਇਸ ਨਾਲ ਖੇਤਰ ’ਚ ਕੰਮ ਕਰ ਰਹੀਆਂ ਬੀਮਾ ਕੰਪਨੀਆਂ ’ਤੇ ਭਾਰੀ ਆਰਥਿਕ ਬੋਝ ਪੈ ਸਕਦਾ ਹੈ।

ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਅੱਗ ਨੂੰ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ। ਕਿਹਾ ਹੈ ਕਿ ਸੰਘੀ ਸਰਕਾਰ 180 ਦਿਨਾਂ ’ਚ ਰਾਹਤ ਦੇ 100 ਫ਼ੀਸਦੀ ਉਪਾਵਾਂ ਨੂੰ ਪੂਰਾ ਕਰੇਗੀ। ਇਨ੍ਹਾਂ ’ਚ ਤਨਖ਼ਾਹਾਂ ਤੋਂ ਲੈ ਕੇ ਬਰਬਾਦ ਹੋਈਆਂ ਇਮਾਰਤਾਂ ਦਾ ਮਲਬਾ ਚੁੱਕਣਾ ਸ਼ਾਮਲ ਹੋਵੇਗਾ ਪਰ ਤਮਾਮ ਪੀੜਤਾਂ ’ਤੇ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਸ਼ੱਕ ਹੈ। ਕਮਜ਼ੋਰ ਤਬਦੇ ਦੀ 63 ਸਾਲਾ ਕੇ. ਯੰਗ ਅੱਗ ਨਾਲ ਬਰਬਾਦ ਹੋਏ ਆਪਣੇ ਮਕਾਨ ਦੀਆਂ ਪੌੜੀਆਂ ’ਤੇ ਬੈਠ ਕੇ ਰੋ ਰਹੀ ਹੈ। ਉਸ ਨੂੰ ਨਹੀਂ ਲੱਗਦਾ ਕਿ ਪੀੜ੍ਹੀਆਂ ਤੋਂ ਰਿਹਾਇਸ਼ ਵਾਲੇ ਉਸਦੇ ਘਰ ਨੂੰ ਕੋਈ ਪੁਰਾਣੀ ਹਾਲਤ ’ਚ ਲਿਆ ਸਕੇਗਾ। ਅੱਗ ਨਾਲ ਪ੍ਰਭਾਵਿਤ ਕਈ ਲੋਕ ਅੱਗ ਨੂੰ ਕਾਬੂ ’ਚ ਕਰਨ ਦੇ ਸਰਕਾਰੀ ਉਪਾਵਾਂ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਵੀ ਦਿਸੇ।

ਜੰਗਲ ’ਚ ਲੱਗੀ ਅੱਗ ਪੰਜ ਪਾਸੇ ਫੈਲੀ

ਲਾਸ ਏਂਜਲਸ ਕਾਊਂਟੀ ’ਚ ਲੱਗੀ ਅੱਗ ਹਵਾ ਕਾਰਨ ਪੰਜ ਪਾਸੇ ਫੈਲ ਗਈ ਹੈ। ਅਸਮਾਨ ਤੋਂ ਜਹਾਜ਼ਾਂ ਤੇ ਹੈਲੀਕਾਪਟਰਾਂ ਰਾਹੀਂ ਪਾਣੀ ਤੇ ਅੱਗ ਬੁਝਾਉਣ ਵਾਲੇ ਰਸਾਇਣ ਸੁੱਟ ਕੇ ਅੱਗ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੰਮ ਦੇ ਲਈ ਕੈਨੇਡਾ ਤੋਂ ਵੱਡੇ ਆਕਾਰ ਦਾ ਸੁਪਰ ਸਕੂਪਰ ਜਹਾਜ਼ ਵੀ ਕਿਰਾਏ ’ਤੇ ਲਿਆ ਗਿਆ ਪਰ ਉਹ ਇਕ ਨਿੱਜੀ ਡ੍ਰੋਨ ਨਾਲ ਟਕਰਾਅ ਕੇ ਨੁਕਸਾਨਿਆ ਗਿਆ ਤੇ ਉਸ ਨੂੰ ਜ਼ਮੀਨ ’ਤੇ ਲਾਹੁਣਾ ਪਿਆ।
  ਖਾਸ ਖਬਰਾਂ