View Details << Back

ਕੈਨੇਡਾ ਨੇ NIA ਨੂੰ ਨਹੀਂ ਦਿੱਤਾ ਖ਼ਾਲਿਸਤਾਨੀ ਨਿੱਝਰ ਦਾ ਡੈੱਥ ਸਰਟੀਫਿਕੇਟ, ਆਖ਼ਰ ਕੀ ਲੁਕਾ ਰਹੀ ਟਰੂਡੋ ਸਰਕਾਰ?

  ਨਵੀਂ ਦਿੱਲੀ : ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਡੈੱਥ ਸਰਟੀਫਿਕੇਟ ਕੈਨੇਡਾ ਨੇ ਹਾਲੇ ਤੱਕ ਨਹੀਂ ਦਿੱਤਾ ਹੈ। ਕਈ ਮਹੀਨੇ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (NIA) ਨੇ ਨਿੱਝਰ ਦਾ ਡੈੱਥ ਸਰਟੀਫਿਕੇਟ ਮੰਗਿਆ ਸੀ। ਸੂਤਰਾਂ ਨੇ ਦੱਸਿਆ ਕਿ ਕੈਨੇਡਾ ਸਰਕਾਰ ਨੇ ਐੱਨਆਈਏ ਤੋਂ ਨਿੱਝਰ ਦਾ ਡੈੱਥ ਸਰਟੀਫਿਕੇਟ ਮੰਗਣ ਦਾ ਕਾਰਨ ਪੁੱਛਿਆ ਹੈ। ਨਿੱਝਰ ਦੀ ਪਿਛਲੇ ਸਾਲ ਜੂਨ ’ਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਗੁਰਦੁਆਰੇ ਦੇ ਬਾਹਰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਕੈਨੇਡਾ ਦਾ ਨਾਗਰਿਕ ਸੀ। ਰਾਸ਼ਟਰੀ ਜਾਂਚ ਏਜੰਸੀ ਨੇ 2020 ’ਚ ਉਸ ਨੂੰ ਅੱਤਵਾਦੀ ਐਲਾਨਿਆ ਸੀ। ਇਸ ਮਾਮਲੇ ਨੂੰ ਲੈ ਕੇ ਭਾਰਤ ਤੇ ਕੈਨੇਡਾ ਦੇ ਵਿਚ ਸਬੰਧ ਉਸ ਸਮੇਂ ਬੇਹੱਦ ਖ਼ਰਾਬ ਹੋ ਗਏ ਹਨ, ਜਦੋਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ’ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਹਾਲਾਂਕਿ, ਉਨ੍ਹਾਂ ਇਸ ਨੂੰ ਲੈ ਕੇ ਕੋਈ ਸਬੂਤ ਪੇਸ਼ ਨਹੀਂ ਕੀਤਾ ਸੀ। ਭਾਰਤ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਕੈਨੇਡਾ ’ਤੇ ਆਪਣੇ ਦੇਸ਼ ’ਚ ਕੱਟੜਪੰਥੀ ਤੇ ਭਾਰਤ ਵਿਰੋਧੀ ਤੱਤਾਂ ਨੂੰ ਥਾਂ ਦੇਣ ਦਾ ਦੋਸ਼ ਲਾਇਆ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ’ਤੇ ਨਿੱਝਰ ਦੀ ਹੱਤਿਆ ਦੇ ਸਬੰਧ ’ਚ ਭਾਰਤ ਨੂੰ ਠੋਸ ਸਬੂਤ ਨਹੀਂ, ਬਲਕਿ ਸਿਰਫ ਖ਼ੁਫੀਆ ਜਾਣਕਾਰੀ ਦਿੱਤੀ ਸੀ। ਇਸ ਵਿਚਾਲੇ, ਐੱਨਆਈਏ ਇਕ ਹੋਰ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਛੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਐੱਨਆਈਏ ਨੇ ਹੁਣ ਤੱਕ ਚੰਡੀਗੜ੍ਹ ’ਚ ਪੰਨੂ ਦੀਆਂ ਤਿੰਨ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਅੰਮ੍ਰਿਤਸਰ ’ਚ ਵੀ ਉਸ ਨਾਲ ਜੁੜੀ ਜ਼ਮੀਨ ਨੂੰ ਜ਼ਬਤ ਕੀਤਾ ਹੈ। ਪੰਨੂ ਨੂੰ ਵੀ ਭਾਰਤ ਨੇ ਅੱਤਵਾਦੀ ਐਲਾਨਿਆ ਹੈ। ਉਸ ਕੋਲ ਅਮਰੀਕੀ ਤੇ ਕੈਨੇਡੀਅਨ ਨਾਗਰਿਕਤਾ ਹੈ।
  ਖਾਸ ਖਬਰਾਂ