View Details << Back

Bangladesh: ਸ਼ੇਖ ਹਸੀਨਾ ਦੀਆਂ ਵਧੀਆਂ ਮੁਸੀਬਤਾਂ, ਦੁਕਾਨਦਾਰ ਦੀ ਹੱਤਿਆ ਤੋਂ ਬਾਅਦ ਸ਼ੇਖ ਹਸੀਨਾ ਖਿਲਾਫ਼ ਇੱਕ ਹੋਰ ਮਾਮਲਾ ਦਰਜ

  ਢਾਕਾ : ਬੰਗਲਾਦੇਸ਼ (bangladesh) ਦੀ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ (sheikh hasina) ਦੀਆਂ ਮੁਸੀਬਤਾਂ ਆਪਣੇ ਦੇਸ਼ ਵਿੱਚ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾਕ੍ਰਮ ਵਿੱਚ, 2015 ਵਿੱਚ ਇੱਕ ਵਕੀਲ ਨੂੰ ਅਗਵਾ ਕਰਨ ਅਤੇ ਲਾਪਤਾ ਕਰਨ ਲਈ ਹਸੀਨਾ ਅਤੇ ਉਸ ਦੇ ਮੰਤਰੀ ਮੰਡਲ ਦੇ ਸਾਬਕਾ ਮੰਤਰੀਆਂ ਸਮੇਤ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਬੰਗਲਾਦੇਸ਼ 'ਚ ਸ਼ੇਖ ਹਸੀਨਾ ਖਿਲਾਫ਼ ਦਰਜ ਕੀਤਾ ਗਿਆ ਇਹ ਦੂਜਾ ਮਾਮਲਾ ਹੈ। ਡੇਲੀ ਸਟਾਰ ਅਖਬਾਰ ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਦੇ ਵਕੀਲ ਸੋਹੇਲ ਰਾਣਾ, ਜਬਰੀ ਲਾਪਤਾ ਕੇਸ ਦੀ ਪੀੜਤਾ ਨੇ ਇਸ ਮਾਮਲੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ। ਢਾਕਾ ਮੈਟਰੋਪੋਲੀਟਨ ਮੈਜਿਸਟਰੇਟ ਫਰਜ਼ਾਨਾ ਸ਼ਕੀਲਾ ਸੁਮੂ ਚੌਧਰੀ ਦੀ ਅਦਾਲਤ ਨੇ ਦੋਸ਼ਾਂ ਨੂੰ ਇਕ ਕੇਸ ਵਜੋਂ ਸਵੀਕਾਰ ਕਰਨ ਦਾ ਹੁਕਮ ਦਿੱਤਾ।

ਸ਼ੇਖ ਹਸੀਨਾ ਦੀ ਕੈਬਨਿਟ ਦੇ ਹਨ ਇਹ ਮੰਤਰੀ

ਇਸ ਮਾਮਲੇ ਵਿੱਚ ਸ਼ੇਖ ਹਸੀਨਾ ਕੈਬਨਿਟ ਦੇ ਸੀਨੀਅਰ ਮੰਤਰੀ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ, ਸਾਬਕਾ ਕਾਨੂੰਨ ਮੰਤਰੀ ਅਨੀਸੁਲ ਹੱਕ, ਸਾਬਕਾ ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਸ਼ਾਹਿਦੁਲ ਹੱਕ, ਰੈਪਿਡ ਐਕਸ਼ਨ ਬਟਾਲੀਅਨ (ਆਰਏਬੀ) ਦੇ ਸਾਬਕਾ ਡਾਇਰੈਕਟਰ ਜਨਰਲ ਬੇਨਜ਼ੀਰ ਅਹਿਮਦ ਤੇ ਆਰਏਬੀ ਦੇ 25 ਅਣਪਛਾਤੇ ਲੋਕ ਸ਼ਾਮਲ ਹਨ।

ਕਰਿਆਨਾ ਦੁਕਾਨਦਾਰ ਦੇ ਕਤਲ ਦਾ ਮਾਮਲਾ ਦਰਜ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਛੇ ਹੋਰਾਂ ਖਿਲਾਫ ਅਬੂ ਸਈਦ ਨਾਂ ਦੇ ਕਰਿਆਨੇ ਦੇ ਦੁਕਾਨਦਾਰ ਦੀ ਕਥਿਤ ਹੱਤਿਆ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ। 19 ਜੁਲਾਈ ਨੂੰ ਮੁਹੰਮਦਪੁਰ 'ਚ ਕੋਟਾ ਸੁਧਾਰ ਅੰਦੋਲਨ ਦੇ ਸਮਰਥਨ 'ਚ ਕੱਢੇ ਗਏ ਜਲੂਸ ਦੌਰਾਨ ਪੁਲਿਸ ਦੀ ਗੋਲੀਬਾਰੀ 'ਚ ਅਬੂ ਸਈਦ ਦੀ ਮੌਤ ਹੋ ਗਈ ਸੀ।

ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ 560 ਤੋਂ ਪਾਰ

ਪਿਛਲੇ ਮਹੀਨੇ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 5 ਅਗਸਤ ਨੂੰ ਸ਼ੇਖ ਹਸੀਨਾ ਦੀ ਸਰਕਾਰ ਡਿੱਗ ਗਈ ਸੀ। ਦੇਸ਼ ਭਰ 'ਚ ਪ੍ਰਦਰਸ਼ਨਾਂ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 560 ਤੋਂ ਵੱਧ ਹੋ ਗਈ ਹੈ, ਜਦਕਿ ਸੈਂਕੜੇ ਲੋਕ ਜ਼ਖਮੀ ਹਨ। ਵਿਵਾਦਤ ਨੌਕਰੀ ਕੋਟਾ ਪ੍ਰਣਾਲੀ ਨੂੰ ਲੈ ਕੇ ਅਵਾਮੀ ਲੀਗ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ਼ ਵਿਆਪਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਸੀਨਾ ਨੇ ਅਸਤੀਫਾ ਦੇ ਦਿੱਤਾ ਸੀ ਅਤੇ 5 ਅਗਸਤ ਨੂੰ ਭਾਰਤ ਭੱਜ ਆਈ ਸੀ।

ਬੰਗਲਾਦੇਸ਼ ’ਚ ਅੰਤ੍ਰਿਮ ਸਰਕਾਰ ਦਾ ਗਠਨ

ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ ਤੋਂ ਬਾਅਦ ਇੱਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਸੀ। ਅੰਤਰਿਮ ਸਰਕਾਰ ਦੀ ਅਗਵਾਈ 84 ਸਾਲਾ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਕਰ ਰਹੇ ਹਨ।
  ਖਾਸ ਖਬਰਾਂ