View Details << Back

ਯੂਕਰੇਨ ਨੇ ਰੂਸ ’ਤੇ 53 ਡ੍ਰੋਨਾਂ ਨਾਲ ਕੀਤਾ ਹਮਲਾ, ਰੂਸ ਦਾ ਦਾਅਵਾ, ਸਾਰੇ ਡ੍ਰੋਨ ਸੁੱਟ ਲਏ ਗਏ

  ਕੀਵ (ਏਪੀ) : ਰੂਸੀ ਸਰਹੱਦ ਦੇ ਰੋਸਤੋਵ ਖੇਤਰ ’ਚ ਯੂਕਰੇਨ ਨੇ 53 ਡ੍ਰੋਨਾਂ ਨਾਲ ਵੱਡਾ ਹਮਲਾ ਕੀਤਾ ਹੈ। ਇਸ ਨੂੰ ਯੂਕਰੇਨ ਵੱਲੋਂ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ’ਚ ਇਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਰੂਸੀ ਫ਼ੌਜ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਾਰੇ ਡ੍ਰੋਨ ਸੁੱਟ ਲਏ ਗਏ। ਇਨ੍ਹਾਂ ’ਚੋਂ 44 ਡ੍ਰੋਨਾਂ ਨੂੰ ਮੋਰੋਜੋਸਕੀ ’ਚ ਸੁੱਟ ਲਿਆ ਗਿਆ। ਰੋਸਤੋਵ ਦੇ ਗਵਰਨਰ ਨੇ ਕਿਹਾ ਕਿ ਹਮਲੇ ’ਚ ਇਕ ਪਾਵਰ ਸਬ-ਸਟੇਸ਼ਨ ਨੂੰ ਨੁਕਸਾਨ ਪੁੱਜਾ ਹੈ। ਯੂਕਰੇਨ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ।

ਰੂਸੀ ਮੀਡੀਆ ਵੱਲੋਂ ਕਿਹਾ ਗਿਆ ਹੈ ਕਿ ਮੋਰੋਜੋਸਕੀ ਨੇੜੇ ਫ਼ੌਜੀ ਹਵਾਈ ਖੇਤਰ ਸਥਿਤ ਹੈ। ਹਾਲਾਂਕਿ ਸਾਫ਼ ਨਹੀਂ ਹੋ ਸਕਿਆ ਕਿ ਉਨ੍ਹਾਂ ਦਾ ਨਿਸ਼ਾਨਾ ਫ਼ੌਜੀ ਹਵਾਈ ਖੇਤਰ ਸੀ ਜਾਂ ਨਹੀਂ। ਉੱਧਰ, ਰੂਸੀ ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ 9 ਹੋਰ ਡ੍ਰੋਨਾਂ ਨੂੰ ਰੂਸ ਦੇ ਸਰਹੱਦੀ ਖੇਤਰ ਕੁਸਰਕ, ਬੇਲਗੋਰੋਦ, ਕ੍ਰਾਸਨੋਡਾਰ ਤੇ ਨੇੜਲੇ ਸੇਰਾਟੋਵ ’ਚ ਇੰਟਰਸੈਪਟ ਕਰ ਲਿਆ ਗਿਆ। ਸੇਰਾਟੋਵ ਖੇਤਰ ’ਚ ਰੂਸੀ ਬੰਬਾਰ ਜਹਾਜ਼ਾਂ ਦਾ ਏਅਰਬੇਸ ਸਥਿਤ ਹੈ।

ਰੂਸ ਨੇ ਵੀ ਖਾਰਕੀਵ ’ਤੇ ਕੀਤਾ ਹਮਲਾ, ਚਾਰ ਦੀ ਮੌਤ

ਰੂਸ ਨੇ ਵੀਰਵਾਰ ਨੂੰ ਡ੍ਰੋਨ ਰਾਹੀਂ ਯੂਕਰੇਨ ਦੇ ਖਾਰਕੀਵ ਇਲਾਕੇ ’ਤੇ ਹਮਲਾ ਕੀਤਾ। ਹਮਲੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਹਮਲੇ ’ਚ 12 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਉੱਧਰ, ਜਮੀਵਸਕਾ ਥਰਮਲ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਕਾਰਨ ਖਾਰਕੀਵ ਇਲਾਕੇ ’ਚ ਕਰੀਬ 3,50,000 ਲੋਕਾਂ ਦੇ ਘਰਾਂ ’ਚ ਹਨੇਰਾ ਛਾ ਗਿਆ। ਯੂਕਰੇਨ ਦੇ ਛੇ ਇਲਾਕਿਆਂ ’ਚ ਪਾਵਰ ਸਪਲਾਈ ਦੌਰਾਨ ਕੁਝ ਕਟੌਤੀ ਵੀ ਕਰਨੀ ਪਈ। ਹਮਲੇ ’ਚ 15 ਡ੍ਰੋਨ ਵਰਤੇ ਗਏ ਸਨ।

ਮਰਮੰਸਕ ਦੇ ਗਵਰਨਰ ’ਤੇ ਚਾਕੂ ਨਾਲ ਹਮਲਾ

ਰੂਸ ਦੇ ਮਰਮੰਸਕ ਦੇ ਗਵਰਨਰ ਆਂਦ੍ਰੇਈ ਚਿਬਿਸ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ’ਚ ਉਹ ਜ਼ਖ਼ਮੀ ਹੋ ਗਏ ਹਨ। ਹਮਲਾਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਆਂਦ੍ਰੇਈ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਗਵਰਨਰ ਦੇ ਬੁਲਾਰੇ ਨੇ ਕਿਹਾ ਕਿ ਹਮਲਾ ਅਚਾਨਕ ਕੀਤਾ ਗਿਆ। ਉਹ ਇਕ ਮੀਟਿੰਗ ’ਚੋਂ ਬਾਹਰ ਨਿਕਲ ਰਹੇ ਸਨ।
  ਖਾਸ ਖਬਰਾਂ